unnamed (1)ਅੰਮ੍ਰਿਤਸਰ 6 ਸਤੰਬਰ (            ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ‘ਖਾਲਸਾ ਪੰਥ ਦੀ ਧਰਮ ਯੁੱਧ ਕਲਾ ਗਤਕਾ ਦਾ ਸਿਧਾਂਤ, ਪਰਿਭਾਸ਼ਾ, ਸਿਖਲਾਈ ਅਤੇ ਨਿਯਮਾਂਵਲੀ’ ਪੁਸਤਕ ਰਿਲੀਜ਼ ਕੀਤੀ।

ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖ ਪੰਥ ਵਿੱਚ ਮੀਰੀ ਅਤੇ ਪੀਰੀ ਦਾ ਸਿਧਾਂਤ ਹੈ।ਗੁਰੂ ਸਾਹਿਬ ਨੇ ਸਿੱਖ ਪੰਥ ਨੂੰ ਭਗਤੀ ਦੇ ਨਾਲ-ਨਾਲ ਸ਼ਕਤੀ ਵੀ ਧਾਰਨ ਕਰਨ ਦੀ ਸਿੱਖਿਆ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਸੇ ਹੀ ਸਿਧਾਂਤ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਸਮੇਂ ਜਿਥੇ ਪਵਿੱਤਰ ਬਾਣੀਆਂ ਪੜ੍ਹੀਆਂ, ਉਥੇ ਸਰਬ ਲੋਹ ਦੇ ਬਾਟੇ ਵਿੱਚ ਸਰਬ ਲੋਹ ਦਾ ਖੰਡਾ ਵੀ ਫੇਰਿਆ।ਉਨ੍ਹਾਂ ਕਿਹਾ ਕਿ ਇਸੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਹਿਰਦ ਯਤਨ ਆਰੰਭੇ ਗਏ ਹਨ ਜਿਸ ਤਹਿਤ ਇਕ ਡਾਇਰੈਕਟੋਰੇਟ ਆਫ ਗਤਕਾ ਸਥਾਪਿਤ ਕੀਤਾ ਗਿਆ ਤਾਂ ਕਿ ਮੀਰੀ ਦੇ ਵਿਸ਼ੇ ‘ਤੇ ਵੀ ਭਰਪੂਰ ਖੋਜ ਕਰਕੇ ਪ੍ਰਚਾਰ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਦਾ ਹੀ ਸਿੱਟਾ ਹੈ ਕਿ ਗਤਕੇ ਦੇ ਮਾਹਿਰ ਡਾ. ਮਨਮੋਹਨ ਸਿੰਘ ਭਾਗੋਵਾਲੀਆ ਨੇ ‘ਸਿੱਖ ਪੰਥ ਦੀ ਧਰਮ ਯੁੱਧ ਕਲਾ ਗਤਕਾ ਦਾ ਸਿਧਾਂਤ, ਪਰਿਭਾਸ਼ਾ, ਸਿਖਲਾਈ ਅਤੇ ਨਿਯਮਾਂਵਲੀ’ ਨਾਮ ਦੀ ਪੁਸਤਕ ਲਿਖ ਕੇ ਸਿੱਖ ਪੰਥ ਦੀ ਝੋਲੀ ਪਾਈ ਹੈ।ਉਨ੍ਹਾਂ ਕਿਹਾ ਕਿ ਇਹ ਪੁਸਤਕ ਸਿੱਖ ਪੰਥ ਦੇ ਮੀਰੀ-ਪੀਰੀ ਸਿਧਾਂਤ ਨੂੰ ਹੋਰ ਸਪੱਸ਼ਟ ਕਰਕੇ ਸੰਗਤਾਂ ਨੂੰ ਗੁਰਮਤਿ ਨਾਲ ਜੋੜਨ ਲਈ ਪ੍ਰੇਰਨਾਦਾਇਕ ਸਿੱਧ ਹੋਵੇਗੀ।

ਇਸ ਮੌਕੇ ਭਾਈ ਮਨਜੀਤ ਸਿੰਘ ਤੇ ਸ. ਮਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼੍ਰੋਮਣੀ ਕਮੇਟੀ, ਸ. ਦਿਲਜੀਤ ਸਿੰਘ ਬੇਦੀ, ਸ. ਪਰਮਜੀਤ ਸਿੰਘ ਸਰੋਆ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ. ਪ੍ਰਤਾਪ ਸਿੰਘ ਵਧੀਕ ਸਕੱਤਰ, ਸ. ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ. ਪਰਮਜੀਤ ਸਿੰਘ ਮੁੰਡਾਪਿੰਡ ਨਿਜੀ ਸਹਾਇਕ ਆਦਿ ਹਾਜ਼ਰ ਸਨ।