unnamed

ਅੰਮ੍ਰਿਤਸਰ : 6 ਸਤੰਬਰ (        ) ਬੀਬੀ ਕੁਲਦੀਪ ਕੌਰ ਵਿਜੈਵਾੜਾ ਤੇ ਡਾ: ਦਿਲਸ਼ਾਹ ਸਿੰਘ ਆਨੰਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਉਪਰੰਤ ਉਨ੍ਹਾਂ ਡਾ: ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮੁਲਾਕਾਤ ਕੀਤੀ। ਬੀਬੀ ਕੁਲਦੀਪ ਕੌਰ ਚੇਅਰਪਰਸਨ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਵਿਜੈਵਾੜਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਿਛਲੇ ਲਗਭਗ 8 ਸਾਲਾਂ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਹਿਯੋਗ ਸਦਕਾ ਸ਼ਿਕਲੀਗਰ ਪ੍ਰੀਵਾਰਾਂ ਦੇ ਬੱਚਿਆਂ ਨੂੰ ਪ੍ਰਚਾਰ-ਪ੍ਰਸਾਰ ਨਾਲ ਪ੍ਰੇਰ ਕੇ ਅੰਮ੍ਰਿਤ ਛਕਾ ਕੇ ਸਿੰਘ ਸਜਾ ਰਹੇ ਹਨ ਤੇ ਨਾਲ ਦੀ ਨਾਲ ਇਨ੍ਹਾਂ ਬੱਚਿਆਂ ਨੂੰ ਨਰਸਰੀ ਤੋਂ ਗਰੈਜੂਏਸ਼ਨ ਤੱਕ ਵੱਖ-ਵੱਖ ਸਕੂਲਾਂ ਤੇ ਕਾਲਜਾਂ ਵਿੱਚ ਫਰੀ ਸਿੱਖਿਆ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਗੁਰਬਾਣੀ ਨਿੱਤਨੇਮ ਕੰਠ ਕਰਵਾਉਣ ਦੇ ਇਲਾਵਾ ਕੀਰਤਨ ਸਿਖਲਾਈ ਅਤੇ ਸਿੱਖ ਇਤਿਹਾਸ ਬਾਰੇ ਵੀ ਜਾਣਕਰੀ ਦਿੱਤੀ ਜਾਂਦੀ ਹੈ।

ਬੀਬੀ ਕੁਲਦੀਪ ਕੌਰ ਅਤੇ ਉਨ੍ਹਾਂ ਨਾਲ ਆਏ ਸ੍ਰ: ਦਿਲਸ਼ਾਹ ਸਿੰਘ ਆਨੰਦ ਦਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾ: ਰੂਪ ਸਿੰਘ ਵੱਲੋਂ ਸਵਾਗਤ ਕਰਦਿਆਂ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਤੇ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨ ਕੀਤਾ ਗਿਆ। ਡਾ: ਰੂਪ ਸਿੰਘ ਨੇ ਜਥੇਦਾਰ ਅਵਤਾਰ ਸਿੰਘ ਵੱਲੋਂ ਹਵਾਲਾ ਦੇਂਦਿਆਂ ਦੱਸਿਆ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ ਸਮੇਂ ਇਸ ਸੰਸਥਾ ਨੂੰ ਸ਼ਿਕਲੀਗਰ ਬੱਚਿਆਂ ਦੀ ਪੜ੍ਹਾਈ ਅਤੇ ਪਰਵਰਿਸ਼ ਲਈ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਅੰਤਿੰ੍ਰਗ ਕਮੇਟੀ ਦੀ ਇਕੱਤਰਤਾ ਸਮੇਂ ਹੋਏ ਮਤੇ ਅਨੁੰਸਾਰ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਸਿੰਘ ਸਭਾ, ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਨਗਰ, ਗੁਰੂ ਨਾਨਕ ਰੋਡ, ਵਿਜੈਵਾੜਾ ਵਿਖੇ ਚੱਲ ਰਹੇ ਸਿਟੀਜ਼ਨ ਹਾਈ ਸਕੂਲ ਦੇ ਪ੍ਰਬੰਧਕਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਲ 2016-17 ਵਿੱਚ ਸਕੂਲ ਦੇ 58 ਸ਼ਿਕਲੀਗਰ ਵਿਦਿਆਰਥੀਆਂ ਦੀ ਫੀਸ 4,75,200/- ਰੁਪਏ ਅਤੇ ਧਾਨੇਕੁਲਾ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਕਾਲਜ਼ ਦੇ 3 ਸ਼ਿਕਲੀਗਰ ਵਿਦਿਆਰਥੀਆਂ ਦੀ ਫੀਸ ਦੀ ਕੀਤੀ ਮੰਗ ਅਨੁੰਸਾਰ 67,200/-ਰੁਪਏ ਕੁੱਲ 5,42,400/- ਅੱਖਰੀਂ ਪੰਜ ਲੱਖ ਬਤਾਲੀ ਹਜ਼ਾਰ ਚਾਰ ਸੌ ਰੁਪਏ ਕੇਵਲ ਦਾ ਚੈਕ ਸਹਾਇਤਾ ਦੇ ਰੂਪ ਵਿੱਚ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੀਬੀ ਜੀ ਨੇ ਆਪਣਾ ਜੀਵਨ ਗਰੀਬ ਸ਼ਿਕਲੀਗਰਾਂ ਦੇ ਬੱਚਿਆਂ ਦੀ ਸੇਵਾ ਵਿੱਚ ਲਗਾ ਕੇ ਬਹੁਤ ਹੀ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਹਨ ਅਤੇ ਇਹ ਸੇਵਾਵਾਂ ਅਕਾਲ ਪੁਰਖ ਦੀ ਕਿਰਪਾ ਸਦਕਾ ਹੀ ਮਿਲਦੀਆਂ ਹਨ।

ਇਸ ਮੌਕੇ ਸ੍ਰ: ਸਤਬੀਰ ਸਿੰਘ ਸਾਬਕਾ ਸਕੱਤਰ ਧਰਮ ਪ੍ਰਚਾਰ ਕਮੇਟੀ, ਸ੍ਰ: ਸੰਤੋਖ ਸਿੰਘ ਵਧੀਕ ਸਕੱਤਰ ਅਤੇ ਸ੍ਰ: ਗੁਰਮੀਤ ਸਿੰਘ ਇੰਚਾਰਜ ਸਿੱਖ ਮਿਸਨ ਛੱਤੀਸਗੜ੍ਹ ਹਾਜ਼ਰ ਸਨ।