ਅੰਮ੍ਰਿਤਸਰ : 1 ਅਗਸਤ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ ਦੇ ਸਪੈਸ਼ਲ ਸਕੂਲ ਆਫ ਐਜੂਕੇਸ਼ਨ ਦੀ 10 ਸਾਲਾ ਲੜਕੀ ਡੋਲੀ ਵੱਲੋਂ ਵਰਲਡ ਸਪੈਸ਼ਲ ਓਲੰਪਿਕ ਖੇਡਾਂ-2015 ਵਿੱਚ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਹੋਈ ਪਾਵਰ ਲਿਫਟਿੰਗ ਖੇਡ (ਸਕਾਟ ਲਿਫਟਿੰਗ ਐਂਡ ਬੈਂਚ ਪਰੈਸ) ਵਿੱਚ ਅਹਿਮ ਮੱਲਾਂ ਮਾਰਦਿਆਂ ਕਾਂਸੀ ਦੇ ਮੈਡਲ ਜਿੱਤਣ ਤੇ ਵਧਾਈ ਦਿੱਤੀ ਹੈ।

ਇਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਡਾ: ਇੰਦਰਜੀਤ ਕੌਰ ਪ੍ਰਧਾਨ ਭਗਤ ਪੂਰਨ ਸਿੰਘ ਪਿੰਗਲਵਾੜਾ, ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਮੰਦ ਬੁੱਧੀ ਬੱਚੀ ਡੋਲੀ ਵੱਲੋਂ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਓਲੰਪਿਕ ਖੇਡਾਂ ਦੌਰਾਨ ਕਾਂਸੀ ਦੇ ਦੋ ਤਗਮੇ ਜਿੱਤ ਕੇ ਪਿੰਗਲਵਾੜਾ ਭਗਤ ਪੂਰਨ ਸਿੰਘ ਦਾ ਨਾਮ ਦੁਨੀਆਂ ਵਿੱਚ ਹੋਰ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇ-ਸਹਾਰਾ, ਲਾਵਾਰਿਸ ਅਤੇ ਬਿਮਾਰਾਂ ਨੂੰ ਸਹਾਰਾ ਦੇਣ ਵਾਲੀ ਇਸ ਸੰਸਥਾ ਦੀ ਬੱਚੀ ਡੋਲੀ ਨੇ ਇਹ ਇਤਿਹਾਸ ਰਚ ਕੇ ਸਾਬਤ ਕੀਤਾ ਹੈ ਕਿ ਮੰਦਬੁੱਧੀ ਬੱਚਿਆਂ ਦਾ ਜੇਕਰ ਸਹੀ ਤਰੀਕੇ ਨਾਲ ਮਾਰਗ ਦਰਸ਼ਨ ਕੀਤਾ ਜਾਵੇ ਤਾਂ ਉਹ ਵੀ ਸੰਸਥਾ, ਸਮਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ।ਉਨ੍ਹਾਂ ਡਾ. ਇੰਦਰਜੀਤ ਕੌਰ ਅਤੇ ਸਮੂਹ ਪਿੰਗਲਵਾੜਾ ਸੰਸਥਾ ਦੇ ਪ੍ਰਬੰਧਕਾਂ ਅਤੇ ਸਟਾਫ਼ ਨੂੰ ਦਿਲੀ ਵਧਾਈ ਦਿੱਤੀ ਹੈ।