3-08-2015-2ਅੰਮ੍ਰਿਤਸਰ ੩ ਅਗਸਤ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਸਿੱਖੀ ਦੇ ਪ੍ਰਚਾਰ-ਪ੍ਰਸਾਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਅਧਿਆਪਕਾਂ ਨਾਲ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਇਕੱਤਰਤਾ ਕੀਤੀ ਗਈ।
ਇਕੱਤਰਤਾ ਸਮੇਂ ਡਾ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਅਧਿਆਪਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਤੁਸੀ ਸਾਰੇ ਬੜੇ ਖੁਸ਼ਕਿਸਮਤ ਹੋ ਕੇ ਧਾਰਮਿਕ ਅਧਿਆਪਕ ਦੇ ਤੌਰ ਤੇ ਦੂਜਿਆਂ ਨੂੰ ਸਿੱਖਿਆ ਦੇ ਰਹੇ ਹੋ।ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਤੁਸੀ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਓ ਸਿਰਫ ਤਨਖਾਹ ਤੀਕ ਸੀਮਤ ਨਾ ਰਹੋ, ਸਗੋਂ ਸਿੱਖੀ ਲਈ ਕੁਝ ਕਰਕੇ ਦਿਖਾਓ।ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਖੁਦ ਨੂੰ ਤੇ ਬੱਚਿਆਂ ਨੂੰ ਸਿੱਖ ਰਹਿਤ ਮਰਿਯਾਦਾ ਨਾਲ ਜੋੜਣ।ਉਨ੍ਹਾਂ ਕਿਹਾ ਕਿ ਅਧਿਆਪਕ ਬੱਚਿਆਂ ਨੂੰ ਸਵੇਰ ਦੀ ਸਭਾ ਦੌਰਾਨ ਸਮੇਂ-ਸਮੇਂ ਤੇ ਆਉਂਦੇ ਗੁਰੂ ਸਾਹਿਬਾਨਾਂ ਦੇ ਦਿਨ-ਦਿਹਾੜਿਆਂ ਬਾਰੇ ਜਾਣਕਾਰੀ ਦੇਣ ਅਤੇ ਉਨਾਂ੍ਹ ਦੀ ਰੁਚੀ ਨੂੰ ਵਧਾਉਂਦਿਆਂ (ਕੁਇਜ਼, ਸ਼ਬਦ ਗਾਇਨ) ਧਾਰਮਿਕ ਪ੍ਰੋਗਰਾਮ ਕਰਵਾਉਣ ਜਿਸ ਸਬੰਧੀ ਸਹੂਲਤਾਂ ਧਰਮ ਪ੍ਰਚਾਰ ਕਮੇਟੀ ਵੱਲੋਂ ਮੁਹੱਈਆਂ ਕਰਵਾਈਆ ਜਾਣਗੀਆਂ।ਉਨ੍ਹਾਂ ਕਿਹਾ ਕਿ ਧਾਰਮਿਕ ਅਧਿਆਪਕ ਵਜੋਂ ਵੱਖਰੀ ਪਹਿਚਾਣ ਦਰਸਾਉਣ ਲਈ ਨੀਲੀ, ਕਾਲੀ ਤੇ ਪੀਲੀ ਦਸਤਾਰ ਤੇ ਬੀਬੀਆਂ ਲਈ ਇਨ੍ਹਾਂ ਰੰਗਾਂ ਦੇ ਹੀ ਦੁਪੱਟੇ ਲਏ ਜਾਣ।ਉਨ੍ਹਾਂ ਕਿਹਾ ਕਿ ਸਮੂਹ ਅਧਿਆਪਕਾਂ ਨੂੰ ਹਦਾਇਤ ਹੈ ਕਿ ਦਫ਼ਤਰ ਸ਼੍ਰੋਮਣੀ ਕਮੇਟੀ ਵੱਲੋਂ ਮੰਗੀ ਜਾਂਦੀ ਜਾਣਕਾਰੀ ਨੂੰ ਸਮੇਂ ਸਿਰ ਪਹੁੰਚਾਉਣ ਤੇ ਇਸ ਦੌਰਾਨ ਅਣਗਹਿਲੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਧਾਰਮਿਕ ਕਿਤਾਬਾਂ ਪੜਣਾ ਚਾਹੁੰਦੇ ਹਨ ਉਹ ਉਨ੍ਹਾਂ ਨੂੰ ਦਿੱਤੀਆਂ ਜਾਣਗੀਆਂ।ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਨਾਲ ਸਬੰਧਤ ਇਤਿਹਾਸ ਹੀ ਸਕੂਲਾਂ ਵਿੱਚ ਪੜਾਇਆ ਜਾਵੇ।
ਇਸ ਮੌਕੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਆਪਣੇ ਵਿਚਾਰ ਰੱਖਦਿਆਂ ਅਧਿਆਪਕਾਂ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਸਿੱਖਿਆ ਦੇਣ ਤੋਂ ਪਹਿਲਾਂ ਖੁਦ ਉਸ ਤੇ ਅਮਲ ਕਰਨ  ਤੇ ਹਰੇਕ ਧਾਰਮਿਕ ਗਤੀਵਿਧੀ ਦੀ ਹਫਤਾਵਾਰੀ ਮੁਕੰਮਲ ਰਿਪੋਰਟ ਦਫ਼ਤਰ ਧਰਮ ਪ੍ਰਚਾਰ ਕਮੇਟੀ ਨੂੰ ਭੇਜਣ।ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਸ਼ੁਰੂ ਕੀਤਾ ਗਿਆ ੨ ਸਾਲਾ ਪੱਤਰ ਵਿਹਾਰ ਕੋਰਸ ਬਾਰੇ ਅਧਿਆਪਕ ਵੱਧ ਤੋਂ ਵੱਧ ਪ੍ਰਚਾਰ ਕਰਕੇ ਇਸ ‘ਚ ਯੋਗਦਾਨ ਨੂੰ ਯਕੀਨੀ ਬਣਾਉਣ।ਉਨ੍ਹਾਂ ਕਿਹਾ ਕਿ ਤੁਹਾਡੀ ਚੰਗੀ ਕਾਰਗੁਜ਼ਾਰੀ ਨਾਲ ਹੀ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦਾ ਨਾਮ ਹੋਰ ਉੱਚਾ ਹੋ ਸਕਦਾ ਹੈ।
ਇਸ ਮੌਕੇ ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਸੰਤੋਖ ਸਿੰਘ ਮੀਤ ਸਕੱਤਰ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਗੁਰਿੰਦਰ ਸਿੰਘ ਠਰੂ, ਸ. ਦਰਸ਼ਨ ਸਿੰਘ ਸੁਪਰਵਾਈਜ਼ਰ ਤੇ ਧਰਮ ਪ੍ਰਚਾਰ ਕਮੇਟੀ ਦਾ ਸਟਾਫ ਹਾਜ਼ਰ ਸੀ।