ਅੰਮ੍ਰਿਤਸਰ 21 ਸਤੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੇਹਲੋਂ/ਆਲਮਗੀਰ ਦੇ ਨੇੜਲੇ ਪਿੰਡ ਸਾਇਆਂ ਕਲਾਂ ਦੇ ਗੁਰਦੁਆਰਾ ਰਵਿਦਾਸ ਭਗਤ ਸਾਹਿਬ ਵਿਖੇ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਟ ਹੋ ਜਾਣ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਘਟੀਆ ਕਿਸਮ ਦੀ ਵਾਇਰਿੰਗ ਤੇ ਪ੍ਰਬੰਧਕਾਂ ਦੀ ਅਣਗਹਿਲੀ ਕਾਰਣ ਹੋਇਆ ਹੈ।ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਾ ਸਾਹਿਬ ਵਿੱਚ ਚੰਗੀ ਕੁਆਲਿਟੀ ਦੀ ਵਾਇਰਿੰਗ ਦੇ ਨਾਲ-ਨਾਲ ਬਿਜਲੀ ਦੇ ਹਾਈ ਕੁਆਲਿਟੀ ਦੇ ਉਪਕਰਨਾਂ ਦੀ ਵਰਤੋਂ ਕਰਨ ਤਾਂ ਜੋ ਅੱਗੇ ਤੋਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਰਾਤ ਸਮੇਂ ਜਦ ਸੁਖ ਆਸਣ ਸਾਹਿਬ ਕਰ ਦਿੱਤਾ ਜਾਵੇ ਤਾਂ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਦੇ ਬਿਜਲੀ ਦੇ ਸਾਰੇ ਉਪਕਰਨ ਬੰਦ ਕਰਕੇ ਜਾਣ ਤੇ ਹਰ ਗੁਰਦੁਆਰਾ ਸਾਹਿਬ ਵਿਖੇ ਰਾਤ ਸਮੇਂ ਸੇਵਾਦਾਰ ਡਿਊਟੀ ਤੇ ਤਾਇਨਾਤ ਕੀਤਾ ਜਾਵੇ ਤਾਂ ਜੋ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰੇ।