ਅੰਮ੍ਰਿਤਸਰ 21 ਸਤੰਬਰ (         ) ਕੈਨੇਡਾ ‘ਚ ਨਸਲੀ ਵਿਤਕਰੇ ਨੂੰ ਲੈ ਕੇ ਯੂਨੀਵਰਸਿਟੀ ਆਫ ਅਲਬਰਟਾ ਵਿਖੇ ਦਸਤਾਰਧਾਰੀ ਸਿੱਖਾਂ ਖਿਲਾਫ ਅੰਗਰੇਜ਼ੀ ਵਿੱਚ ਇਤਰਾਜਯੋਗ ਭਾਸ਼ਾ ਦੇ ਪੋਸਟਰ ਲਗਾਉਣ ਵਾਲੇ ਦੋਸ਼ੀਆਂ ਵਿਰੁੱਧ ਸਰਕਾਰ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਇਸ ਘਟਨਾ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਨਾਲ ਕਿਹਾ ਕਿ ਪੋਸਟਰ ਵਿੱਚ ਸਿੱਖਾਂ ਨੂੰ ਆਪਣੇ ਮੁਲਕ ਵਾਪਸ ਜਾਣ ਲਈ ਕਹਿਣਾ ਬਹੁਤ ਹੀ ਮੰਦਭਾਗਾ ਹੈ, ਜਦੋਂਕਿ ਸਿੱਖ ਇਥੇ ਚੰਗੇਰੀ ਪੜ੍ਹਾਈ ਕਰਨ ਦੇ ਮਕਸਦ ਨਾਲ ਹੀ ਆਉਂਦੇ ਹਨ।ਉਨ੍ਹਾਂ ਕਿਹਾ ਕਿ ਸਿੱਖ ਰੋਜ਼ਾਨਾ ਹੀ ਨਿਤਨੇਮ ਉਪਰੰਤ ਸਰੱਬਤ ਦੇ ਭਲੇ ਦੀ ਅਰਦਾਸ ਕਰਦਾ ਹੈ।ਸਿੱਖ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਬਾਣੀ ਜੋ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਹੈ ਮਨੁੱਖਤਾਂ ਨੂੰ ਜੀਵਨ ਜਾਚ ਦੇ ਨਾਲ-ਨਾਲ ਆਪਸੀ ਏਕਤਾ, ਇਤਫਾਕ, ਭਾਈਚਾਰਕ ਸਾਂਝ ਅਤੇ ਸੱਚ ਦਾ ਮਾਰਗ ਦਿਖਾਉਂਦੀ ਹੈ।ਪਰ ਕੁਝ ਧਰਮ ਹੀਨ ਲੋਕ ਜੋ ਸ਼ਾਂਤੀ ਦੇ ਵਿਰੁੱਧ ਹੁੰਦੇ ਹਨ ਆਪਣੀ ਕੁੜਤਣ ਅਤੇ ਪਾੜ ਪਾਉਣ ਦੇ ਮਨਸੂਬੇ ਤਹਿਤ ਅਜਿਹੀਆਂ ਟਿੱਪਣੀਆਂ ਕਰਦੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਦੋਂ ਓਂਟਾਰੀਓ ਅਤੇ ਕੈਨੇਡਾ ਦੇ ਐਡਮਿੰਟਨ ‘ਚ ਸਥਿਤ ਗੁਰਦੁਆਰਾ ਸਾਹਿਬ ਦੀ ਕੰਧ ਉਪਰ ਸ਼ਰਾਰਤੀ ਲੋਕਾਂ ਵੱਲੋਂ ਸਿੱਖਾਂ ਖਿਲਾਫ ਨਸਲਵਾਦੀ ਟਿੱਪਣੀ ਕੀਤੀ ਗਈ ਸੀ, ਉਸ ਸਮੇਂ ਵੀ ਜਥੇ.ਅਵਤਾਰ ਸਿੰਘ ਵੱਲੋਂ ਰੋਸ ਦਾ ਪ੍ਰਗਟਾਵਾ ਕਰਦਿਆਂ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਅਜਿਹੀਆਂ ਘਟਨਾਵਾਂ ਲਈ ਕਾਰਗਰ ਉਪਰਾਲਾ ਕਰਨ ਲਈ ਕਿਹਾ ਗਿਆ ਸੀ।
ਉਨ੍ਹਾਂ ਯੂਨੀਵਰਸਿਟੀ ਆਫ ਅਲਬਰਟਾ ਦੇ ਪ੍ਰਧਾਨ ਡੇਵਿਟ ਟਰਪਿਨ ਵੱਲੋਂ ਫੌਰੀ ਕਾਰਵਾਈ ਕਰਦਿਆਂ ਇਤਰਾਜ਼ਯੋਗ ਭਾਸ਼ਾ ਵਾਲੇ ਪੋਸਟਰ ਹਟਾਉਣ ਅਤੇ ਹਰ ਧਰਮ ਦੇ ਭਾਈਚਾਰੇ ਲਈ ਯੂਨੀਵਰਸਿਟੀ ਦੇ ਦਰਵਾਜ਼ੇ ਖੁੱਲੇ ਰੱਖਣ ਦੇ ਬਿਆਨ ਦੀ ਪ੍ਰਸੰਸਾ ਵੀ ਕੀਤੀ ਹੈ।ਸ. ਬੇਦੀ ਨੇ ਕਿਹਾ ਕਿ ਜਥੇ.ਅਵਤਾਰ ਸਿੰਘ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਤੇ ਸਿੱਖਾਂ ਦੀ ਪਹਿਚਾਣ ਬਾਰੇ ਉਥੇ ਵੱਸਦੀਆਂ ਸਿੱਖ ਜਥੇਬੰਦੀਆਂ ਨਾਲ ਜਾਗਰੂਕਤਾ ਮੁਹਿੰੰਮ ਚਲਾਉਣ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।