ਖ਼ਾਲਸਾ ਪੰਥ ਨੂੰ ਦਰਪੇਸ਼ ਵਰਤਮਾਨ ਚਣੌਤੀਆਂ ਦਾ ਮੁਕਾਬਲਾ ਕਰਨ ਲਈ ਕੌਮੀ ਇਕਜੁਟਤਾ ਜ਼ਰੂਰੀ- ਗਿਆਨੀ ਗੁਰਬਚਨ ਸਿੰਘ
ਭਾਈ ਲੌਂਗੋਵਾਲ ਨੇ ਸਿੱਖ ਜਗਤ ਨੂੰ ਕੌਮੀ ਮੁੱਦਿਆਂ ‘ਤੇ ਇਕਸੁਰ ਹੋਣ ਦੀ ਕੀਤੀ ਅਪੀਲ

ਤਲਵੰਡੀ ਸਾਬੋ, 10 ਮਈ– ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਇਥੇ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾਤਸ਼ਾਹੀ ਦਸਵੀਂ, ਬਾਬਾ ਦੀਪ ਸਿੰਘ ਸ਼ਹੀਦ ਛਾਉਣੀ ਨਿਹੰਗ ਸਿੰਘਾਂ ਵਿਖੇ ਜਥੇਦਾਰ ਬਾਬਾ ਚੇਤ ਸਿੰਘ ਅਤੇ ਜਥੇਦਾਰ ਬਾਬਾ ਸੰਤਾ ਸਿੰਘ ਦੀ ਯਾਦ ਵਿਚ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਵੱਡੀ ਗਿਣਤੀ ਵਿਚ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤ ਸਰਕਾਰ ਸਿੱਖ ਕੌਮ ਦੇ ਮਹਾਨ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਨਾਂ ‘ਤੇ ਇਕ ਐਵਾਰਡ ਸ਼ੁਰੂ ਕਰੇ ਜੋ ਉੱਘੇ ਸਿੱਖ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਨਿਭਾਈਆਂ ਸੇਵਾਵਾਂ ਦੇ ਬਦਲੇ ਦਿੱਤਾ ਜਾਵੇ। ਉਨ੍ਹਾਂ ਖ਼ਾਲਸਾ ਪੰਥ ਨੂੰ ਵਰਤਮਾਨ ਚਣੌਤੀਆਂ ਦਾ ਮੁਕਾਬਲਾ ਕਰਨ ਲਈ ਇਕਜੁਟ ਹੋਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਕੌਮ ਦੀਆਂ ਕੁਝ ਦੁਸ਼ਮਣ ਸ਼ਕਤੀਆਂ ਜਾਣ-ਬੁਝ ਕੇ ਕੌਮ ਅੰਦਰ ਦੁਬਿਧਾ ਪੈਦਾ ਕਰ ਰਹੀਆਂ ਹਨ। ਉਨ੍ਹਾਂ ਨੁਕਤਾਚੀਨੀ ਕਰਨ ਵਾਲੇ ਕੌਮੀ ਨਿੰਦਕਾਂ ਨੂੰ ਸਿੱਖ ਕੌਮ ਦੇ ਸੂਰਬੀਰਾਂ, ਜਰਨੈਲਾਂ ਦੇ ਜੀਵਨ ਤੋਂ ਸਬਕ ਲੈਣ ਲਈ ਕਿਹਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅੱਜ ਸਮੁੱਚੇ ਖ਼ਾਲਸਾ ਪੰਥ ਨੂੰ ਇਕ ਮੰਚ ‘ਤੇ ਇਕੱਠਾ ਹੋਣ ਦੀ ਲੋੜ ਹੈ, ਤਾਂ ਜੋ ਪੰਥ ਵਿਰੋਧੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਉਨ੍ਹਾਂ ਜਾਣ-ਬੁਝ ਕੇ ਕੌਮ ਨੂੰ ਨਿੱਤ ਨਵੀਆਂ ਚੁਣੌਤੀਆਂ ਦੇਣ ਵਾਲੇ ਲੋਕਾਂ ਨੂੰ ਕਿਹਾ ਕਿ ਉਹ ਕੌਮ ਦੀ ਪਿੱਠ ਵਿਚ ਛੁਰਾ ਨਾ ਮਾਰਨ, ਸਗੋਂ ਆਪਣੀ ਸ਼ਕਤੀ ਕੌਮ ਦੀ ਚੜ੍ਹਦੀ ਕਲਾ ਲਈ ਵਰਤਣ। ਉਨ੍ਹਾਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਦੇ ਝੰਡੇ ਹੇਠ ਇਕੱਠੇ ਹੋਣ। ਭਾਈ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਸਮੇਂ ਛਾਪੀ ਗਈ ਹਿੰਦੀ ਪੁਸਤਕ ਸਿੱਖ ਇਤਿਹਾਸ ਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਬਾਰੇ ਕਿਹਾ ਕਿ ਇਨ੍ਹਾਂ ਉਪਰ ਬਹੁਤ ਸਮਾਂ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ ਅਤੇ ਅੱਜ ਇਸ ਨੂੰ ਮੁੱਦਾ ਬਣਾਉਣ ਵਾਲੇ ਲੋਕ ਕੇਵਲ ਆਪਣੀ ਚਰਚਾ ਖਾਤਰ ਦੀ ਅਜਿਹਾ ਕਰ ਰਹੇ ਹਨ। ਉਨ੍ਹਾਂ ਬਾਬਾ ਬਲਬੀਰ ਸਿੰਘ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਰਹਿ ਚੁੱਕੇ ਜਥੇਦਾਰਾਂ ਦੀ ਸਾਲਾਨਾ ਯਾਦ ਮਨਾਉਣ ਦੇ ਉਪਰਾਲੇ ਦੀ ਪ੍ਰਸ਼ੰਸਾ ਵੀ ਕੀਤੀ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਬਾਬਾ ਬਲਬੀਰ ਸਿੰਘ ਵੱਲੋਂ ਨੌਜੁਆਨੀ ਨੂੰ ਕੌਮੀ ਵਿਰਸੇ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਬਾਬਾ ਬਲਬੀਰ ਸਿੰਘ ਨੇ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਤਰਸੇਮ ਸਿੰਘ ਮੋਰਾਂਵਾਲੀ ਅਤੇ ਭਾਈ ਮਹਿੰਦਰ ਸਿੰਘ ਸਿਬੀਆ ਦੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਅਮਰੀਕ ਸਿੰਘ ਕੋਟਸ਼ਮੀਰ, ਸ. ਜਗਸੀਰ ਸਿੰਘ ਮਾਂਗੇਆਣਾ, ਬਾਬਾ ਗੱਜਣ ਸਿੰਘ ਬਾਬਾ ਬਕਾਲ ਤਰਨਾ ਦਲ, ਬਾਬਾ ਅਵਤਾਰ ਸਿੰਘ ਸੁਰਸਿੰਘ, ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ, ਬਾਬਾ ਮਨਮੋਹਨ ਸਿੰਘ ਬਾਰਨ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਬਾਬਾ ਵੱਸਣ ਸਿੰਘ, ਬਾਬਾ ਅਰਜਨ ਸਿੰਘ ਪਟਿਆਲਾ, ਬਾਬਾ ਬਲਕਾਰ ਸਿੰਘ ਹਨੂੰਮਾਨਗੜ੍ਹ, ਬਾਬਾ ਜੱਸਾ ਸਿੰਘ, ਬਾਬਾ ਸੁਖਵਿੰਦਰ ਸਿੰਘ ਮੋਹਰ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਬਾਬਾ ਰਘਬੀਰ ਸਿੰਘ ਖਿਆਲਾ, ਬਾਬਾ ਸੁਖਜੀਤ ਸਿੰਘ ਘਨਈਆ, ਗਿਆਨੀ ਭਗਵਾਨ ਸਿੰਘ ਜੌਹਲ, ਮੈਨੇਜਰ ਸ. ਕਰਨ ਸਿੰਘ ਆਦਿ ਮੌਜੂਦ ਸਨ।