ਪਿੰਡ ਠੱਕਰਪੁਰਾ ਵਿਖੇ ਗੁਰੂ ਘਰ ‘ਚ ਲੱਗੀ ਅੱਗ ‘ਤੇ ਅਫ਼ਸੋਸ ਪ੍ਰਗਟਾਇਆ

ਅੰਮ੍ਰਿਤਸਰ, ੯ ਮਈ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇੰਗਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ‘ਚ ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਦੀ ਦਸਤਾਰ ਉਤਾਰਨ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਕਿਸੇ ਕਿਸਮ ਦੇ ਵਿਚਾਰਕ ਮਤਭੇਦ ਹੋਣ ਤਾਂ ਉਨ੍ਹਾਂ ਨੂੰ ਮਿਲ ਬੈਠ ਕੇ ਵਿਚਾਰ ਚਰਚਾ ਦੁਆਰਾ ਸੁਲਝਾਇਆ ਜਾ ਸਕਦਾ ਹੈ। ਕਿਸੇ ‘ਤੇ ਹਮਲਾ ਕਰਨਾ ਮਸਲੇ ਦਾ ਹੱਲ ਨਹੀਂ ਹੁੰਦਾ। ਉਨ੍ਹਾਂ ਕੌਮ ਦੀ ਪ੍ਰਚਾਰਕ ਸ਼੍ਰੇਣੀ ਨੂੰ ਵੀ ਅਪੀਲ ਕੀਤੀ ਕਿ ਉਹ ਸੰਜੀਦਾ ਮਾਮਲਿਆਂ ‘ਤੇ ਆਪਣੇ ਵਿਚਾਰ ਪੇਸ਼ ਕਰਨ ਸਮੇਂ ਇਹ ਖ਼ਿਆਲ ਰੱਖਣ ਕਿ ਕਿਸੇ ਦਾ ਦਿਲ ਨਾ ਦੁਖੇ। ਉਨ੍ਹਾਂ ਕਿਹਾ ਕਿ ਕਥਾਵਾਚਕ ਗੁਰਬਾਣੀ, ਗੁਰ-ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਨੂੰ ਆਪਣੇ ਪ੍ਰਚਾਰ ਦਾ ਮੁਖ ਸੂਰਤ ਬਣਾਉਣ। ਉਨ੍ਹਾਂ ਸਿੱਖ ਕੌਮ ਵਿਚ ਟਕਰਾਅ ਵਾਲੀ ਬਣ ਰਹੀ ਸਥਿਤੀ ਨੂੰ ਸਿੱਖ ਕੌਮ ਲਈ ਘਾਤਕ ਦੱਸਿਆ ਅਤੇ ਇਹ ਵੀ ਕਿਹਾ ਕਿ ਕੌਮ ਦੀ ਚੜ੍ਹਦੀ ਕਲਾ ਲਈ ਸਾਰੀਆਂ ਧਿਰਾਂ ਇਕਜੁਟਤਾ ਅਤੇ ਇਕਮੁਠਤਾ ਪ੍ਰਗਟਾਵਾ ਕਰਨ ਤਾਂ ਜੋ ਆਪਸੀ ਦੂਰੀਆਂ ਵਧਾਉਣ ਵਾਲੇ ਚਲਣ ਤੋਂ ਬਚਿਆ ਜਾ ਸਕੇ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਟੀ ਨੇੜਲੇ ਪਿੰਡ ਠੱਕਰਪੁਰਾ ਵਿਖੇ ਗੁਰਦੁਆਰਾ ਸਾਹਿਬ ਵਿਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਹੋਏ ਨੁਕਸਾਨ ‘ਤੇ ਵੀ ਗਹਿਰਾ ਅਫ਼ਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਸੁਚੇਤ ਰੂਪ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਗਰਮੀ ਦੇ ਮੌਸਮ ਵਿਚ ਗੁਰੂ-ਘਰ ਅੰਦਰ ਬਿਜਲੀ ਉਪਕਰਨ ਨਿਰੰਤਰ ਚਲਦੇ ਨਹੀਂ ਰੱਖਣੇ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਨਾ ਕੋਈ ਵਿਅਕਤੀ ਹਰ ਵਕਤ ਗੁਰੂ ਘਰਾਂ ਅੰਦਰ ਹਾਜ਼ਰ ਰਹੇ।