ਅੰਮ੍ਰਿਤਸਰ, 14 ਅਗਸਤ- ਪ੍ਰਸਿੱਧ ਸਿੱਖ ਚਿੰਤਕ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਆਪਣੀ ਨਵ-ਪ੍ਰਕਾਸ਼ਤ ਪੁਸਤਕ ‘ਕਲਿ ਤਾਰਣਿ ਗੁਰੁ ਨਾਨਕ ਆਇਆ’ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਭੇਟ ਕੀਤੀ ਗਈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਡਾ. ਰੂਪ ਸਿੰਘ ਦੇ ਉੱਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਲਈ ਇਕ ਤੋਹਫ਼ਾ ਹੈ, ਜਿਸ ਤੋਂ ਉਹ ਭਰਪੂਰ ਲਾਹਾ ਲੈਣਗੀਆਂ। ਭਾਈ ਲੌਂਗੋਵਾਲ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਨ੍ਹਾਂ ਨਾਲ ਸਬੰਧਤ ਅਸਥਾਨਾਂ ਅਤੇ ਗੁਰੂ ਸਾਹਿਬ ਦੀਆਂ ਪਾਵਨ ਬਾਣੀਆਂ ਸਬੰਧੀ ਪੁਸਤਕ ਅੰਦਰ ਦਰਜ਼ ਜਾਣਕਾਰੀ ਖੋਜਾਰਥੀਆਂ ਲਈ ਵੀ ਮਹੱਤਵਪੂਰਨ ਹੈ। ਉਨ੍ਹਾਂ ਡਾ. ਰੂਪ ਸਿੰਘ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਅਜਿਹੀਆਂ ਹੀ ਹੋਰ ਪੁਸਤਕਾਂ ਦੀ ਆਸ ਪ੍ਰਗਟਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਰਵਿੰਦਰ ਸਿੰਘ ਚੱਕ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ. ਅਵਤਾਰ ਸਿੰਘ ਸੈਂਪਲਾ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੁਰਾਕੋਹਨਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਸਿਮਰਜੀਤ ਸਿੰਘ ਕੰਗ ਮੌਜੂਦ ਸਨ।