-ਸੰਗਤ ਵੱਲੋਂ ਥਾਂ-ਥਾਂ ਕੀਤਾ ਗਿਆ ਭਰਵਾਂ ਸਵਾਗਤ

ਅੰਮ੍ਰਿਤਸਰ, 14 ਅਗਸਤ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ ‘ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਹਰਿਆਣਾ ਸੂਬੇ ਤੋਂ ਹਿਮਾਚਲ ਪ੍ਰਦੇਸ਼ ‘ਚ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਪੁੱਜਣ ‘ਤੇ ਸੰਗਤ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਸੇ ਤਰ੍ਹਾਂ ਹੀ ਦੇਹਰਾਦੂਨ (ਉਤਰਾਖੰਡ) ਵਿਖੇ ਵੀ ਸੰਗਤਾਂ ਨੇ ਜਾਹੋ-ਜਲਾਲ ਨਾਲ ਸਵਾਗਤ ਕੀਤਾ। ਇਸੇ ਤਰ੍ਹਾਂ ਦੌਰਾਨ ਅੱਜ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਡੇਹਰਾਦੂਨ ਤੋਂ ਨਗਰ ਕੀਰਤਨ ਨਗਾਰਿਆਂ ਦੀ ਗੂੰਜ ਵਿਚ ਅਗਲੇ ਪੜਾਅ ਲਈ ਰਵਾਨਾ ਹੋਇਆ। ਰਵਾਨਗੀ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥ ਭਾਈ ਹਰਪਾਲ ਸਿੰਘ ਵੱਲੋਂ ਅਰਦਾਸ ਕੀਤੀ ਗਈ ਅਤੇ ਪੰਜ ਪਿਆਰਿਆਂ ਸਤਿਕਾਰ ਵਜੋਂ ਸਿਰੋਪਾਓ ਦਿੱਤੇ ਗਏ। ਦੇਹਰਾਦੂਨ ਵਿਖੇ ਨਗਰ ਕੀਰਤਨ ਦੇ ਸਤਿਕਾਰ ਵਜੋਂ ਉਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਤ੍ਰਿਵੇਂਦਰ ਰਾਵਤ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਸ੍ਰੀ ਅਜੈ ਭੱਟ, ਵਿਧਾਇਕ ਸ੍ਰੀ ਹਰਬੰਸ ਕਪੂਰ, ਸ੍ਰੀ ਖ਼ਜ਼ਾਨ ਦਾਸ, ਸ੍ਰੀ ਗਨੇਸ਼ ਜੋਸ਼ੀ, ਮੇਅਰ ਸ੍ਰੀ ਸੁਨੀਲ ਗਾਮਾ ਤੋਂ ਇਲਾਵਾ ਨਗਰ ਪ੍ਰਧਾਨ ਸ੍ਰੀ ਲਾਲ ਚੰਦ ਸ਼ਰਮਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇਹਰਾਦੂਨ ਦੇ ਪ੍ਰਧਾਨ ਸ. ਰਾਜਿੰਦਰ ਸਿੰਘ ਰਾਜਨ, ਮੀਤ ਪ੍ਰਧਾਨ ਸ. ਜੋਗਿੰਦਰ ਸਿੰਘ ਛਾਬੜਾ, ਸਕੱਤਰ ਸ. ਗੁਰਜੀਤ ਸਿੰਘ, ਮੈਂਬਰ ਸ. ਮਨਜੀਤ ਸਿੰਘ ਆਦਿ ਵੀ ਮੌਜੂਦ ਸਨ। ਨਗਰ ਕੀਰਤਨ ਨਾਲ ਚੱਲ ਰਹੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਕਰਮਬੀਰ ਸਿੰਘ ਕਿਆਮਪੁਰ ਨੇ ਦੱਸਿਆ ਕਿ ਹਰ ਪੜਾਅ ‘ਤੇ ਹਜ਼ਾਰਾਂ ਸੰਗਤਾਂ ਨਗਰ ਕੀਰਤਨ ਦੇ ਸਵਾਗਤ ਲਈ ਪੁੱਜ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈ ਗਈਆਂ ਹਨ। ਨਗਰ ਕੀਰਤਨ ਨਾਲ ਹੋਰਨਾਂ ਤੋਂ ਇਲਾਵਾ ਇੰਚਾਰਜ ਸ. ਗੁਰਦਿਆਲ ਸਿੰਘ, ਸਹਾਇਕ ਸੁਪਰਵਾਈਜ਼ਰ ਸ. ਗੁਰਵਿੰਦਰ ਸਿੰਘ ਦੇਵੀਦਾਸ ਪੁਰ, ਉਤਰਾਖੰਡ ਸਿੱਖ ਮਿਸ਼ਨ ਦੇ ਇੰਚਾਰਜ ਭਾਈ ਹਰਜਿੰਦਰ ਸਿੰਘ ਆਦਿ ਚੱਲ ਰਹੇ ਹਨ।