ਅੰਮ੍ਰਿਤਸਰ 4 ਫਰਵਰੀ – ਦਿੱਲੀ ਤੋਂ ਪ੍ਰਕਾਸ਼ਿਤ ਹੁੰਦੀ ਮਾਸਿਕ ਧਾਰਮਿਕ ਪੱਤ੍ਰਿਕਾ ‘ਸੱਚੇ ਪਾਤਸ਼ਾਹ’ ਵੱਲੋਂ ‘ਰਸ਼ੀਅਨ ਸੈਂਟਰ ਆਫ ਸਾਇੰਸ ਐਂਡ ਕਲਚਰ’ ਫਿਰੋਜ਼ ਸ਼ਾਹ ਰੋਡ, ਨਵੀਂ ਦਿੱਲੀ ਵਿਖੇ ਕਰਵਾਏ ਗਏ ਸਾਲਾਨਾ ਸਨਮਾਨ ਸਮਾਗਮ ਵਿੱਚ ਪ੍ਰਸਿੱਧ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਨੂੰ ‘ਡਾ. ਲੱਖਾ ਸਿੰਘ ਯਾਦਗਾਰੀ ਐਵਾਰਡ’ ਨਾਲ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ, ‘ਸੱਚੇ ਪਾਤਸ਼ਾਹ’ ਪੱਤ੍ਰਿਕਾ ਦੇ ਮੁੱਖ ਸੰਪਾਦਕ ਸ. ਸੁਰਜੀਤ ਸਿੰਘ, ਸ. ਮੋਹਿੰਦਰ ਸਿੰਘ ਭੁੱਲਰ ਸਾਬਕਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਡਾ. ਬਲਦੇਵ ਸਿੰਘ ਬੱਦਨ ਸਾਬਕਾ ਡਾਇਰੈਕਟਰ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਨੇ ਸਾਂਝੇ ਤੌਰ ‘ਤੇ ਸਨਮਾਨਿਤ ਕੀਤਾ।

ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਨਮਾਨ ਸਮਾਗਮ ਸਮੇਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸੈਂਟਰ ਫਾਰ ਇਮੀਗਰੈਂਟ ਸਟੱਡੀਜ਼ ਵਿਖੇ ਪ੍ਰੋਫੈਸਰ ਤੇ ਮੁਖੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਡਾ. ਹਰਚੰਦ ਸਿੰਘ ਬੇਦੀ ਨੇ ਸਾਹਿਤਕ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਕਿਤਾਬਾਂ ਯੂਨੀਵਰਸਿਟੀ ਦੇ ਐਮ.ਏ. ਤੇ ਬੀ.ਏ. ਦੇ ਸਿਲੇਬਸ ਦਾ ਹਿੱਸਾ ਬਣ ਚੁੱਕੀਆਂ ਹਨ।ਉਨ੍ਹਾਂ ਦੀਆਂ ਸਿੱਖ ਇਤਿਹਾਸ ਤੇ ਦਰਸ਼ਨ ਬਾਰੇ ਛੇ ਪੁਸਤਕਾਂ ਖਾਲਸਾ ਕਾਲਜ ਵੱਲੋਂ ਪ੍ਰਕਾਸ਼ਿਤ ਹੋ ਚੁੱਕੀਆ ਹਨ ਜਿਨ੍ਹਾਂ ਵਿੱਚ ਡਾ. ਗੰਡਾ ਸਿੰਘ ਦੀ ਫ਼ਾਰਸੀ ਦੀ ਪੁਸਤਕ ‘ਮਾਖ਼ੂਜ਼ੇ ਤਵਾਰੀਖੇ ਸਿੱਖਾਂ’ ਵੀ ਸ਼ਾਮਲ ਹੈ ਜਿਸ ਨੂੰ ਉਨ੍ਹਾਂ ਅਨੁਵਾਦ ਕਰਕੇ ਸੰਪਾਦਤ ਕੀਤਾ ਹੈ।ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀ ਸਾਹਿਤ ਨੂੰ ਇਕ ਅਨੁਸਾਸ਼ਨ ਵਜੋਂ ਸਥਾਪਤ ਕਰਨ ਲਈ ਉਨ੍ਹਾਂ ਨੇ ਦੋ ਦਰਜਨ ਪੁਸਤਕਾਂ ਤੋਂ ਇਲਾਵਾ ਪ੍ਰਵਾਸੀ ਪੰਜਾਬੀ ਸਾਹਿਤ ਸੰਦਰਭ ਕੋਸ਼ ਦੀਆਂ ਛੇ ਜਿਲਦਾਂ ਵੀ ਤਿਆਰ ਕੀਤੀਆਂ ਜੋ ਆਪਣੇ ਆਪ ਵਿੱਚ ਇਕ ਨਿਵੇਕਲੀ ਮਿਸਾਲ ਹੈ।ਉਨ੍ਹਾਂ ਡਾ. ਬੇਦੀ ਨੂੰ ਇਹ ਐਵਾਰਡ ਮਿਲਣ ‘ਤੇ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਹ ਹੋਰ ਸ਼ਿੱਦਤ ਨਾਲ ਖੋਜ ਕਾਰਜ ਜਾਰੀ ਰੱਖਣਗੇ।

ਇਸ ਮੌਕੇ ‘ਸੱਚੇ ਪਾਤਸ਼ਾਹ’ ਪੱਤ੍ਰਿਕਾ ਦੇ ਮੁੱਖ ਸੰਪਾਦਕ ਸ. ਸੁਰਜੀਤ ਸਿੰਘ ਨੇ ਕਿਹਾ ਕਿ ਸਾਲਾਨਾ ਸਨਮਾਨ ਸਮਾਰੋਹ ਵਿੱਚ ਇਸ ਵਾਰ ਡਾ. ਹਰਚੰਦ ਸਿੰਘ ਬੇਦੀ ਨੂੰ ਸਨਮਾਨਿਤ ਕਰਕੇ ਉਹ ਖੁਸ਼ੀ ਮਹਿਸੂਸ ਕਰ ਰਹੇ ਹਨ।

ਇਸ ਮੌਕੇ ਡਾ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਡਾ. ਜਗਬੀਰ ਸਿੰਘ, ਸ. ਹਰਪਾਲ ਸਿੰਘ ਕੋਛੜ, ਸ. ਇੰਦਰਜੀਤ ਸਿੰਘ, ਪੰਥਕ ਕਵੀ ਸ. ਬਲਬੀਰ ਸਿੰਘ ਬੱਲ, ਸ. ਹਰਿੰਦਰ ਸਿੰਘ ਪਤੰਗਾ, ਇੰਜ. ਜੇ.ਐੱਸ.ਗਿੱਲ, ਸ. ਹਰਮਿੰਦਰ ਸਿੰਘ ਵੋਹਰਾ, ਸ. ਕੁਲਵੰਤ ਸਿੰਘ ਚੌਧਰੀ ਪਾਉਟਾ ਸਾਹਿਬ, ਇੰਜ. ਬਲਬੀਰ ਸਿੰਘ, ਸ. ਹਰਭਜਨ ਸਿੰਘ ਫੁੱਲ, ਡਾ. ਵਾਣੀ ਸਿੰਘ, ਡਾ. ਪ੍ਰਿਥਵੀ ਰਾਜ ਥਾਪਰ ਤੇ ਹੋਰ ਹਾਜ਼ਰ ਸਨ।