ਸ. ਹਰਪਾਲ ਸਿੰਘ ਜੌਹਲ ਸਰਬਸੰਮਤੀ ਨਾਲ ੧੪ਵੇਂ ਮੈਂਬਰ ਨਾਮਜਦ

ਪਟਨਾ ਸਾਹਿਬ/ਅੰਮ੍ਰਿਤਸਰ, ੧੧ ਸਤੰਬਰ- ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੀਟਿੰਗ ਹਾਲ ਵਿਚ ਤਖਤ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਦੀ ਨਾਮਜਦਗੀ ਲਈ ਹੋਈ ਇਕੱਤਰਤਾ ਵਿਚ ਸ. ਹਰਪਾਲ ਸਿੰਘ ਜੌਹਲ ਨੂੰ ਸਰਬਸੰਮਤੀ ਨਾਲ ਮੈਂਬਰ ਚੁਣ ਲਿਆ ਗਿਆ। ਇਹ ਜਾਣਕਾਰੀ ਇਥੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਹੋਈ ਇਕੱਤਰਤਾ ਦੌਰਾਨ ਕੇਵਲ ਇੱਕ ਮੈਂਬਰ ਸ. ਰਾਜਾ ਸਿੰਘ ਨੂੰ ਛੱਡ ਕੇ ਬਾਕੀ ਸਾਰੇ ੧੨ ਮੈਂਬਰ ਹਾਜ਼ਰ ਸਨ। ਜਿਕਰਯੋਗ ਹੈ ਕਿ ਸਨਾਤਨੀ ਸਿੰਘ ਸਭਾ ਵੱਲੋਂ ਇਸ ਵਾਰ ਇੱਕ ਮੈਂਬਰ ਦੀ ਨਾਮਜਦਗੀ ਨਾ ਹੋਣ ਕਰਕੇ ਕਮੇਟੀ ੧੫ ਦੀ ਥਾਂ ੧੪ ਮੈਂਬਰਾਂ ‘ਤੇ ਆਧਾਰਤ ਰਹੇਗੀ। ਇਕੱਤਰਤਾ ਦੌਰਾਨ ਕਮੇਟੀ ਦੇ ੧੪ਵੇਂ ਮੈਂਬਰ ਵਜੋਂ ਸ. ਹਰਪਾਲ ਸਿੰਘ ਜੌਹਲ ਦਾ ਨਾਂ ਸ. ਅਵਤਾਰ ਸਿੰਘ ਹਿੱਤ ਨੇ ਪੇਸ਼ ਕੀਤਾ, ਜਿਸ ਦੀ ਤਾਈਦ ਸ. ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਅਤੇ ਤਾਈਦ ਮਜੀਦ ਸ. ਇੰਦਰਜੀਤ ਸਿੰਘ ਟਾਟਾ ਨਗਰ ਨੇ ਕੀਤੀ। ਸ. ਹਰਪਾਲ ਸਿੰਘ ਦੇ ਮੁਕਾਬਲੇ ਹੋਰ ਕੋਈ ਨਾਂ ਪੇਸ਼ ਨਾ ਹੋਣ ‘ਤੇ ਉਨ੍ਹਾਂ ਨੂੰ ਸਰਬ ਸੰਮਤੀ ਨਾਲ ਮੈਂਬਰ ਚੁਣ ਲਿਆ ਗਿਆ। ਹੁਣ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਨਾਮਜਦਗੀ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਇਨ੍ਹਾਂ ਮੈਂਬਰਾਂ ਵੱਲੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਅੱਜ ਹੋਈ ੧੪ਵੇਂ ਮੈਂਬਰ ਦੀ ਨਾਮਜਦਗੀ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਪ੍ਰਧਾਨ ਦੀ ਚੋਣ ਲਈ ਇਕੱਤਰਤਾ ਬੁਲਾਈ ਜਾਵੇਗੀ। ਅੱਜ ਦੀ ਇਕੱਤਰਤਾ ਦੌਰਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿੱਚੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ. ਅਵਤਾਰ ਸਿੰਘ ਹਿੱਤ, ਸ. ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸ. ਇੰਦਰਜੀਤ ਸਿੰਘ ਟਾਟਾ ਨਗਰ, ਸ. ਲਖਵਿੰਦਰ ਸਿੰਘ, ਸ. ਹਰਬੰਸ ਸਿੰਘ, ਸ. ਤਰਲੋਚਨ ਸਿੰਘ, ਸ. ਜਗਜੋਤ ਸਿੰਘ, ਸ. ਮਹਿੰਦਰ ਸਿੰਘ ਛਾਬੜਾ, ਸ. ਮਹਿੰਦਰਪਾਲ ਸਿੰਘ ਢਿੱਲੋਂ, ਸ. ਕਮਿੱਕਰ ਸਿੰਘ ਕਲਕੱਤਾ, ਡਾ. ਗੁਰਮੀਤ ਸਿੰਘ ਲਖਨਊ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਦਿੱਲੀ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ., ਸ. ਕੁਲਮੋਹਨ ਸਿੰਘ, ਬੀਬੀ ਕਵਲਜੀਤ ਕੌਰ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਸ. ਜਗਜੀਤ ਸਿੰਘ ਜੱਗੀ, ਸ. ਦਰਸ਼ਨ ਸਿੰਘ ਲੌਂਗੋਵਾਲ ਪੀਏ, ਤਖਤ ਸਾਹਿਬ ਦੇ ਸੁਪ੍ਰਿੰਟੈਂਡੈਂਟ ਸ. ਦਲਜੀਤ ਸਿੰਘ, ਸ. ਜੀਵਨਜੋਤ ਸਿੰਘ ਬਾਦਸ਼ਾਹ ਅਗਰਬੱਤੀ ਵਾਲੇ ਮੌਜੂਦ ਸਨ।