ਸਿੱਖਾਂ ਨੂੰ ਵਿਰਾਸਤ ‘ਚੋਂ ਮਿਲੀ ਹੈ ਮਨੁੱਖਤਾ ਦੀ ਸੇਵਾ –ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ, ੧੧ ਸਤੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਭਾਈ ਘਨ੍ਹੱਈਆ ਜੀ ਦੀ ੩੦੦ ਸਾਲਾ ਬਰਸੀ ਨੂੰ ਸਮਰਪਿਤ ਸਕੂਲਾਂ, ਕਾਲਜਾਂ ਦੇ ਸਟਾਫ ਤੇ ਵਿਦਿਆਰਥੀਆਂ ਨੂੰ ਫਸਟ ਏਡ ਸਬੰਧੀ ਜਾਗਰੂਕ ਕਰਨ ਲਈ ਭਾਈ ਘਨ੍ਹੱਈਆ ਜੀ ਚੈਰਿਟੀ ਐਂਡ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਲਗਾਏ ਦੋ ਦਿਨਾ ਟ੍ਰੇਨਿੰਗ ਕੈਂਪ ਦੀ ਸਮਾਪਤੀ ਮੌਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸ਼ਿਰਕਤ ਕੀਤੀ। ਇਸ ਮੌਕੇ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੜਕ ਹਾਦਸਿਆਂ ਅਤੇ ਆਮ ਜਨ ਜੀਵਨ ਵਿਚ ਵਾਪਰਦੀਆਂ ਘਟਨਾਵਾਂ ਸਮੇਂ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਲਈ ਸਕੂਲਾਂ-ਕਾਲਜਾਂ ਦੇ ਸਟਾਫ ਤੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣਾ ਨਿਰਸੰਦੇਹ ਇੱਕ ਸਾਰਥਿਕ ਯਤਨ ਹੈ ਅਤੇ ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਤੇ ਭਾਈ ਘਨ੍ਹਈਆ ਜੀ ਸੁਸਾਇਟੀ ਵਧਾਈ ਦੀ ਹੱਕਦਾਰ ਹੈ। ਉਨ੍ਹਾਂ ਇਤਿਹਾਸ ਦੇ ਹਵਾਲੇ ਨਾਲ ਕਿਹਾ ਕਿ ਮਨੁੱਖਤਾ ਦੀ ਸੇਵਾ ਸਿੱਖਾਂ ਨੂੰ ਵਿਰਾਸਤ ਵਿੱਚੋਂ ਮਿਲੀ ਹੈ ਅਤੇ ਭਾਈ ਘਨ੍ਹਈਆ ਜੀ ਇਸ ਦੀ ਇੱਕ ਉਘੜਵੀਂ ਮਿਸਾਲ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਨਿੱਕੀਆਂ ਨਿੱਕੀਆਂ ਘਟਨਾਵਾਂ ਸਾਡੇ ਰੋਜ਼ਮਰਾ ਦੇ ਜੀਵਨ ਵਿਚ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਅਤੇ ਜੇਕਰ ਅਸੀਂ ਮੁੱਢਲੀ ਸਹਾਇਤਾ ਸਬੰਧੀ ਸੁਚੇਤ ਹੋਵਾਂਗੇ ਤਾਂ ਸਮਾਂ ਰਹਿੰਦੇ ਕਿਸੇ ਦੀ ਮੱਦਦ ਕਰਕੇ ਹੋਣ ਵਾਲੇ ਨੁਕਸਾਨ ਤੋਂ ਉਸ ਨੂੰ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵੱਲੋਂ ਭਾਈ ਘਨ੍ਹਈਆ ਜੀ ਦੀ ੩੦੦ ਸਲਾ ਬਰਸੀ ਨੂੰ ਸਮਰਪਿਤ ਉਨ੍ਹਾਂ ਦੀ ਘਾਲਣਾ ਤੋਂ ਕੌਮ ਨੂੰ ਜਾਣੂ ਕਰਵਾਉਣ ਲਈ ਅਜਿਹੇ ਉਪਰਾਲੇ ਜਰੂਰੀ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮਨੁੱਖਤਾ ਦੀ ਭਲਾਈ ਲਈ ਹਮੇਸ਼ਾ ਕਾਰਜਸ਼ੀਲ ਰਹੀ ਹੈ ਅਤੇ ਜਿਥੇ ਵੀ ਕਿਤੇ ਮਨੁੱਖਤਾ ਨੂੰ ਸਹਾਇਤਾ ਦੀ ਲੋੜ ਪਈ ਸ਼੍ਰੋਮਣੀ ਕਮੇਟੀ ਨੇ ਅੱਗੇ ਹੋ ਕੇ ਜਿੰਮੇਵਾਰੀ ਨਿਭਾਈ।
ਇਸ ਕੈਂਪ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਨਾਲ ਸਬੰਧਤ ੧੫੦ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਲਗਾਤਾਰ ਦੋ ਦਿਨ ਮਾਹਰਾਂ ਵੱਲੋਂ ਮੁੱਢਲੀ ਸਹਾਇਤਾ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ। ਮੁੱਢਲੀ ਸਹਾਇਤਾ ਸਬੰਧੀ ਟ੍ਰੇਨਿੰਗ ਦਿੰਦਿਆਂ ਸ੍ਰੀ ਰਾਜਿੰਦਰ ਸੈਣੀ ਅਤੇ ਮੈਡਮ ਰੋਹਿਨੀ ਨੇ ਸੜਕ ਹਾਦਸਿਆਂ ਸਮੇਂ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਤੋਂ ਇਲਾਵਾ ਨੱਕ ਵਿਚੋਂ ਅਚਾਨਕ ਲਹੂ ਨਿਕਲਣ, ਮਿਰਗੀ ਦੇ ਦੌਰੇ ਪੈਣ, ਅਚਾਨਕ ਅੱਗ ਲੱਗਣ, ਕਰੰਟ ਲੱਗਣ, ਸਿਰ ਵਿਚ ਸੱਟ ਲੱਗਣ, ਪਾਣੀ ਵਿਚ ਡੁੱਬਣ ਆਦਿ ਸਮੇਂ ਲੋੜ ਪੈਂਦੀ ਮੁੱਢਲੀ ਸਹਾਇਤਾ ਦਾ ਪਾਠ ਪੜਾਇਆ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਕੈਂਪ ਦੌਰਾਨ ਸਿਖਿਆ ਪ੍ਰਾਪਤ ਕਰਨ ਵਾਲੇ ਅਧਿਆਪਕ ਤੇ ਵਿਦਿਆਰਥੀ ਅੱਗੇ ਹੋਰਨਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨਗੇ। ਭਾਈ ਘਨ੍ਹਈਆ ਜੀ ਸੁਸਾਇਟੀ ਵੱਲੋਂ ਸ. ਮਨਜੀਤ ਸਿੰਘ ਚੇਅਰਮੈਨ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸ. ਅਵਤਾਰ ਸਿੰਘ ਟਰੱਕਾਂ ਵਾਲੇ, ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਸ੍ਰੀ ਕੇ.ਕੇ. ਸੈਣੀ, ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ, ਭਾਈ ਘਨ੍ਹਈਆ ਸੁਸਾਇਟੀ ਦੇ ਚੇਅਰਮੈਨ ਸ. ਮਨਜੀਤ ਸਿੰਘ, ਪ੍ਰਿੰਸੀਪਲ ਤਰਨਜੀਤ ਸਿੰਘ, ਸ. ਬਹਾਦਰ ਸਿੰਘ ਸੁਨੇਤ, ਸ. ਸਤਪਾਲ ਸਿੰਘ ਸਿਦਕੀ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਸਤਿੰਦਰਪਾਲ ਸਿੰਘ, ਸ. ਗੁਰਬਖਸ਼ ਸਿੰਘ ਬੱਗਾ, ਸ. ਦਰਸ਼ਨ ਸਿੰਘ ਸਮੇਤ ਹੋਰ ਮੌਜੂਦ ਸਨ।