2 copy-okਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸਬੰਧੀ ਖਰਚਿਆਂ ਨੂੰ ਦਿੱਤੀ ਪ੍ਰਵਾਨਗੀ
ਸਿੱਖਾਂ ਤੇ ਨਸਲੀ ਹਮਲਿਆਂ ਸਬੰਧੀ ਸ਼੍ਰੋਮਣੀ ਕਮੇਟੀ ਦਾ ਵਫ਼ਦ ਅਮਰੀਕੀ ਰਾਜਦੂਤ ਨੂੰ ਜਲਦ ਮਿਲੇਗਾ
ਸਬ-ਆਫਿਸ ਸੈਕਟਰ-੫ ਏ ਚੰਡੀਗੜ੍ਹ ਵਿਖੇ ਅੰਤ੍ਰਿੰਗ ਕਮੇਟੀ ਦੀ ਅਹਿਮ ਇਕੱਤਰਤਾ ਹੋਈ
ਅੰਮ੍ਰਿਤਸਰ 21 ਦਸੰਬਰ  (         ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਸਬ-ਆਫਿਸ ਸ਼੍ਰੋਮਣੀ ਕਮੇਟੀ (ਸੈਕਟਰ-੫ ਏ) ਚੰਡੀਗੜ੍ਹ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਹੋਈ।ਜਿਸ ਵਿੱਚ ਕਾਰਜਾਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਰਬੰਸਦਾਨੀ ਕਲਗੀਧਰ ਦਸਮੇਸ਼ ਪਿਤਾ ਦੇ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਸਦਕਾ ੨੨ ਤੋਂ ੨੮ ਦਸੰਬਰ ਤੱਕ ਮਨਾਏ ਜਾ ਰਹੇ ਹਨ।ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਸ਼ਹੀਦੀ ਸਪਤਾਹ ਦੌਰਾਨ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਾਦਗੀ ਅਤੇ ਪ੍ਰੰਪਰਾਗਤ ਢੰਗ ਨਾਲ ਮਨਾਇਆ ਜਾਵੇ ਤੇ ਲੰਗਰਾਂ ਵਿੱਚ ਮਠਿਆਈਆਂ ਨਾ ਵੰਡੀਆਂ ਜਾਣ।ਉਨ੍ਹਾਂ ਕਿਹਾ ਕਿ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੨੨ ਦਸੰਬਰ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੨੮ ਦਸੰਬਰ ਨੂੰ ਮਨਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਸ਼ਹੀਦੀ ਦਿਹਾੜੇ ਮੌਕੇ ਛੋਟੇ ਸਾਹਿਬਜਾਦੇ ਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਹਰ ਸਿੱਖ, ਮਾਈ-ਭਾਈ, ਬੱਚੇ ਬੁੱਢੇ ਤੇ ਜਵਾਨ ੫ ਮਿੰਟ ਵਾਸਤੇ ਮੂਲ ਮੰਤਰ ਦਾ ਜਾਪ ਕਰਨ ਤੇ ਗੁਰਦੁਆਰਾ ਸਾਹਿਬਾਨ ਵਿੱਚ ਗ੍ਰੰਥੀ ਸਿੰਘ ਤੇ ਕਥਾ ਵਾਚਕ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਜੀਵਨ ਤੇ ਸ਼ਹੀਦੀ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਉਣ।ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀਆਂ ਅਦੁੱਤੀਆਂ ਸ਼ਹਾਦਤਾਂ ਬਾਰੇ ਸੁਚੱਜੀ ਜਾਣਕਾਰੀ ਦੇਣ ਤਾਂ ਜੋ ਉਹ ਦੁਨਿਆਵੀ ਵਿਦਿਆ ਦੇ ਨਾਲ-ਨਾਲ ਗੁਰਸਿੱਖ ਰਹਿਣੀ-ਬਹਿਣੀ ਵਿੱਚ ਰਹਿੰਦੇ ਹੋਏ ਆਪਣਾ ਜੀਵਨ ਬਤੀਤ ਕਰਨ ਅਤੇ ਦੂਸਰਿਆਂ ਲਈ ਪ੍ਰੇਰਣਾ ਸਰੋਤ ਬਨਣ।ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ੫ ਜਨਵਰੀ ੨੦੧੭ ਨੂੰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਨਾਈ ਜਾ ਰਹੀ ਤੀਸਰੀ ਅਰਧ ਸ਼ਤਾਬਦੀ (੩੫੦ ਸਾਲਾਂ) ਸਮੇਂ ਸ਼੍ਰੋਮਣੀ ਕਮੇਟੀ ਦੀ ਅੰਤਿੰ੍ਰਗ ਕਮੇਟੀ ਵੱਲੋਂ ਇਸ ਦੌਰਾਨ ਹੋਣ ਵਾਲੇ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਇਹ ਪਾਵਨ ਦਿਹਾੜਾ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖਾਂ ਅਤੇ ਗੁਰਦੁਆਰਾ ਸਾਹਿਬਾਨ ਤੇ ਲਗਾਤਾਰ ਹੋ ਰਹੇ ਨਸਲੀ ਹਮਲਿਆਂ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ, ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਨਵੀ ਦਿੱਲੀ ਸਥਿਤ ਅਮਰੀਕੀ ਰਾਜਦੂਤ ਨੂੰ ਪੱਤਰਕਾਵਾਂ ਲਿਖੀਆਂ ਗਈਆਂ ਸਨ।ਜਿਸ ਬਾਰੇ ੧੮ ਦਸੰਬਰ ਨੂੰ ਅਮਰੀਕੀ ਰਾਜਦੂਤ ਵੱਲੋਂ ਆਏ ਜਵਾਬ ੱਿਵਚ ਉਨ੍ਹਾਂ ਸਿੱਖਾਂ ਨਾਲ ਸਬੰਧਤ ਮਾਮਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੰਦਿਆਂ ਸ਼੍ਰੋਮਣੀ ਕਮੇਟੀ ਨੂੰ ਵਫ਼ਦ ਸਮੇਤ ਮਿਲਣ ਲਈ ਕਿਹਾ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਲਦ ਹੀ ਇਕ ਵਫ਼ਦ ਅਮਰੀਕੀ ਰਾਜਦੂਤ ਨੂੰ ਮਿਲ ਕੇ ਇਨ੍ਹਾਂ ਮਾਮਲਿਆਂ ਨੂੰ ਹੱਲ ਕਰਨ ਲਈ ਉਪਰਾਲੇ ਕਰੇਗਾ।ਸਿੱਖਾਂ ਬਾਰੇ ਇਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਿੱਖ ਕੌਮ ਸਾਰੀ ਦੁਨੀਆਂ ਵਿਚ ਸਤਿਕਾਰੀ ਜਾਂਦੀ ਹੈ, ਪਰੰਤੂ ਕੁਝ ਸਿਰਫਿਰੇ ਵਿਅਕਤੀਆਂ ਵੱਲੋਂ ਸਿੱਖਾਂ ਪ੍ਰਤੀ ਚੁਟਕਲੇ ਬਣਾ ਕੇ ਉਨ੍ਹਾਂ ਦਾ ਮਜਾਕ ਉਡਾਇਆ ਜਾਂਦਾ ਹੈ।ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਤੌਰ ਤੇ ਸੁਪਰੀਮ ਕੋਰਟ ਵਿੱਚ ਰਿੱਟ ਦਾਇਰ ਕਰੇਗੀ ਤਾਂ ਜੋ ਅੱਗੇ ਤੋਂ ਕਿਸੇ ਵਿਅਕਤੀ ਵੱਲੋਂ ਸਿੱਖਾਂ ਦਾ ਮਜਾਕ ਉਡਾਉਣ ਦੀ ਬਜਾਏ ਉਨ੍ਹਾਂ ਨੂੰ ਸਤਿਕਾਰਤ ਨਿਗਾਹ ਨਾਲ ਵੇਖਿਆ ਜਾਵੇ।ਉਨ੍ਹਾਂ ਹੋਰ ਦੱਸਿਆ ਕਿ ਜੋਧਪੁਰ ਵਿਖੇ ਨਜ਼ਰਬੰਦ ਰਹੇ ਸਮੂੰਹ ਮੁਲਾਜ਼ਮ ਜਿਨ੍ਹਾਂ ਨੂੰ ਸਾਲ ੨੦੦੫-੦੬ ਦੌਰਾਨ ਯੋਗਤਾ ਦੇ ਅਧਾਰਪੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਸਰਵਿਸ ਦਿੱਤੀ ਗਈ ਸੀ, ਉਨ੍ਹਾਂ ਦੀ ਤਨਖਾਹ ਘੱਟ ਹੋਣ ਕਰਕੇ ਵਾਧਾ ਕਰਨ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਤਿੰਨ ਸਪੈਸ਼ਲ ਤਰੱਕੀਆਂ ਦੇਣ ਦਾ ਫੈਂਸਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਉਹ ਮੁਲਾਜ਼ਮ ਵੀ ਸ਼ਾਮਲ ਹਨ ਜਿਨ੍ਹਾਂ ਦੀ ਸੇਵਾ-ਮੁਕਤੀ ਨੇੜੇ ਹੈ।
ਉਨ੍ਹਾਂ ਕਿਹਾ ਕਿ ੧ ਜਨਵਰੀ ੨੦੧੬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਪ੍ਰਫੁੱਲਤ ਕਰਨ ਲਈ ਬਠਿੰਡਾ ਜ਼ਿਲ੍ਹੇ ਤੋਂ ਸ਼ੁਰੂ ਕਰਕੇ ਸਾਰੇ ਪੰਜਾਬ ਦੇ ਪਿੰਡ-ਪਿੰਡ ਵਿੱਚ ‘ਚਾਰ ਸਾਹਿਬਜ਼ਾਦੇ’ ਅਤੇ ‘ਬਾਬਾ ਬੰਦਾ ਸਿੰਘ ਬਹਾਦਰ’ ਫਿਲਮ ਦਿਖਾਉਣ ਲਈ ਲੋੜੀਦੀਆਂ ੫੦ ਵੈਨਾਂ ਸਮੇਤ ਫਿਲਮ ਸਿਸਟਮ ਖਰੀਦਿਆਂ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਮ ਦਿਖਾਉਣ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗਤੀਵਿਧੀਆਂ ‘ਤੇ ਅਧਾਰਿਤ ਲਗਭਗ ੧੫ ਮਿੰਟ ਦਾ ਪ੍ਰੋਗਰਾਮ ਵੀ ਦਿਖਾਇਆ ਜਾਵੇਗਾ ਜਿਸ ਨਾਲ ਲੋਕਾਂ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਚਲਾਏ ਜਾ ਰਹੇ ਸੁੱਚਜੇ ਪ੍ਰਬੰਧ ਦੇ ਨਾਲ ਨਾਲ ਵਿਦਿਅਕ, ਮੈਡੀਕਲ ਅਤੇ ਸਮਾਜਿਕ ਸੇਵਾਵਾਂ ਵਿੱਚ ਪਾਏ ਯੋਗਦਾਨ ਬਾਰੇ ਵੀ ਜਾਣਕਾਰੀ ਹਾਸਲ ਹੋਵੇਗੀ।ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਣ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਵਿੱਚ ੧ ਜਨਵਰੀ ੨੦੧੬ ਤੋਂ ਸ੍ਰੀ ਅੰਮ੍ਰਿਤਸਰ ਤੋਂ ਸ਼ੁਰੂ ਕਰਕੇ ਸਮੁੱਚੇ ਪੰਜਾਬ ਵਿੱਚ ਕੀਰਤਨ ਦਰਬਾਰ ਦੀ ਲੜੀ ਚਲਾਈ ਜਾਵੇਗੀ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰੇ ਅਤੇ ਲੰਗਰ ਦੀ ਸੇਵਾ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ (ਰੋਪੜ) ਤੋਂ ਸ਼ੁਰੂ ਕਰਕੇ ਸਾਰੇ ਪੰਜਾਬ ਵਿੱਚ (ਚੌਣਵੀਆਂ ਥਾਵਾਂ ) ਤੇ ਹਲਕਾ ਪੱਧਰ ਤੇ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਲਿਆਉਣ ਲਈ ੮ ਬੱਸਾਂ ਤੇ ੨ ਟਰੱਕਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।ਇਸ ਦੀ ਦੇਖ-ਰੇਖ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਹਲਕਾ ਪੱਧਰ ਤੇ ਕਰਨਗੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਦੀ ਇਕ ਸਕ੍ਰਿਪਟ ਤਿਆਰ ਕੀਤੀ ਜਾਵੇਗੀ ਜਿਸ ਦਾ ਪ੍ਰਸਾਰਣ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਪ੍ਰਸਾਰਣ ਤੋਂ ਤੁਰੰਤ ਬਾਅਦ ਦਿਖਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ‘ਗਾਵਹੁ ਸਚੀ ਬਾਣੀ’ ਦੇ ਸਿਰਲੇਖ ਹੇਠ ਸ਼੍ਰੋਮਣੀ ਕਮੇਟੀ ਵੱਲੋਂ ੧੬ ਤੋਂ ੨੧ ਸਾਲ ਦੇ ਘੱਟ ਉਮਰ, ਸਾਬਤ-ਸੂਰਤ ਅਤੇ ਅੰਮ੍ਰਿਤਧਾਰੀ ਬੱਚਿਆਂ ਦੇ ਕੀਰਤਨ ਗਾਇਨ ਮੁਕਾਬਲੇ ਕਰਵਾਏ ਜਾਣਗੇ ਜਿਸ ਦਾ ਪ੍ਰਸਾਰਣ ਟੀ ਵੀ ਚੈਨਲ ਤੋਂ ਹੋਵੇਗਾ ਅਤੇ ਜੇਤੂ ਬੱਚਿਆਂ ਨੂੰ ਵੱਡੇ ਪੱਧਰ ਤੇ ਇਨਾਮ ਵੀ ਦਿੱਤੇ ਜਾਣਗੇ।
ਇਕੱਤਰਤਾ ‘ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਭੋਂਥਰ ਤੋਂ ਮਨੀਕਰਨ ਸਾਹਿਬ ਰੋਡ ਤੇ ਬੱਸ ਦਰਿਆ ਵਿੱਚ ਡਿੱਗਣ ਕਾਰਨ ਮਾਰੇ ਗਏ ੪੩ ਮ੍ਰਿਤਕਾਂ ਨੂੰ ੫੦-੫੦ ਹਜ਼ਾਰ ਰੁਪਏ ਤੇ ਜ਼ਖਮੀਆਂ ਨੂੰ ੧੦-੧੦ ਹਜ਼ਾਰ ਰੁਪਏ ਸਹਾਇਤਾ ਵਜੋਂ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਭਾਈ ਗੁਰਚਰਨ ਸਿੰਘ ਢਾਡੀ ਨੂੰ ਬਿਮਾਰ ਹੋਣ ਕਾਰਨ ੫੦ ਹਜ਼ਾਰ ਰੁਪਏ ਸਹਾਇਤਾ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ (ਤਰਨ ਤਾਰਨ) ਦੀ ਸਰਾਂ ਦੇ ਕਮਰਿਆਂ ਵਾਸਤੇ ੧੦ ਨਗ ਗੀਜ਼ਰ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਿਵਾਸ ਦੇ ਨਵੇਂ ਤਿਆਰ ਹੋਏ ੪੦ ਕਮਰਿਆਂ ਲਈ ੧੦੦ ਨਗ ਕੰਬਲ ਤੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸਾਰਾਗੜ੍ਹੀ ਵਿਖੇ ਬਣ ਰਹੀ ਸਰਾਂ ਲਈ ੧੦੦੦ ਕੇ ਵੀ ਏ ਟਰਾਂਸਫਾਰਮਰ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਕੌਲਸਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਸਰੋਵਰ ਦੀ ਕਾਰ ਸੇਵਾ ਕਰਾਉਣ ਦਾ ਫੈਂਸਲਾ ਵੀ ਕੀਤਾ ਗਿਆ ਹੈ।
ਅੱਜ ਦੀ ਇਕੱਤਰਤਾ ਵਿੱਚ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਅੰਤ੍ਰਿੰਗ ਮੈਂਬਰਾਨ ਸ. ਨਿਰਮੈਲ ਸਿੰਘ ਜੌਲਾਂ ਕਲਾਂ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਰਜਿੰਦਰ ਸਿੰਘ ਮਹਿਤਾ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਕਰਨੈਲ ਸਿੰਘ ਪੰਜੋਲੀ, ਸ. ਰਾਮਪਾਲ ਸਿੰਘ ਬਹਿਣੀਵਾਲ ਤੇ ਸ. ਭਜਨ ਸਿੰਘ ਸ਼ੇਰਗਿੱਲ, ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਮਹਿੰਦਰ ਸਿੰਘ ਆਹਲੀ, ਸ. ਬਿਜੈ ਸਿੰਘ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਕੇਵਲ ਸਿੰਘ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਰਣਜੀਤ ਸਿੰਘ ਖਾਲਸਾ ਮੀਡੀਆਂ ਸਲਾਹਕਾਰ, ਸ੍ਰ: ਕਰਮਬੀਰ ਸਿੰਘ, ਸ੍ਰ: ਗੁਰਦਿਆਲ ਸਿੰਘ ਤੇ ਸ੍ਰ: ਸੁਖਬੀਰ ਸਿੰਘ ਇੰਚਾਰਜ, ਸ. ਅਰਵਿੰਦਰ ਸਿੰਘ ਸਾਸਨ ਏ.ਪੀ.ਆਰ.ਓ., ਸ. ਸੁਖਵਿੰਦਰ ਸਿੰਘ ਗਰੇਵਾਲ ਨਿਜੀ ਸਹਾਇਕ, ਸ. ਹਰਜਿੰਦਰ ਸਿੰਘ ਅਤੇ ਸ. ਸੁਖਦੀਪ ਸਿੰਘ ਸੁਪਰਵਾਈਜ਼ਰ ਆਦਿ ਮੌਜੂਦ ਸਨ।