Letter 1ਅੰਮ੍ਰਿਤਸਰ 19 ਦਸੰਬਰ- ਸ. ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਨਿਊਯਾਰਕ ਵਿਖੇ ਜਹਾਜ਼ ਵਿੱਚ ਸਫਰ ਕਰਦੇ ਸਮੇਂ ਇਕ ਸਿੱਖ ਨੂੰ ਬਿਨ ਲਾਦੇਨ ਸਮਝ ਕੇ ਉਸ ਦੀ ਵੀਡੀਓ ਨਾਲ ਬੈਠੇ ਵਿਅਕਤੀ ਵੱਲੋਂ ਯੂ ਟਿਊਬ ‘ਤੇ ਪਾਉਣ ਸਬੰਧੀ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖਿਆ ਹੈ।
ਪੱਤਰ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਇਸ ਦੇ ਨਾਤੇ ਮੈਂ ਆਪ ਜੀ ਦਾ ਧਿਆਨ ਨਿਊਯਾਰਕ ਤੋਂ ਕੈਲੀਫੋਰਨੀਆ ਜਾ ਰਹੀ ਜੈਟਬਲੂ ਫਲਾਇਟ ਵਿੱਚ ਸਫਰ ਕਰ ਰਹੇ ਸਿੱਖ ਨਾਲ ਵਾਪਰੀ ਘਟਨਾ ਵੱਲ ਦਿਵਾਉਣਾ ਚਾਹੁੰਦਾ ਹਾਂ।ਉਨ੍ਹਾਂ ਕਿਹਾ ਕਿ ਜਹਾਜ਼ ਵਿੱਚ ਸਫਰ ਕਰ ਰਹੇ ਸਿੱਖ ਦੀ ਨਾਲ ਬੈਠੇ ਵਿਅਕਤੀ ਵੱਲੋਂ ੩੯ ਸਕਿੰਟ ਦੀ ਵੀਡੀਓ ‘ਕੀ ਤੁਸੀਂ ਸੁਰੱਖਿਅਤ ਹੋ’ ਦੇ ਸਿਰਲੇਖ ਹੇਠ ਯੂ ਟਿਊਬ ‘ਤੇ ਪਾਈ ਗਈ ਹੈ ਨਾਲ ਹੀ ਉਸ ਬਾਰੇ ‘ਬਿਨ ਲਾਦੇਨ ਨਾਲ ਸਫਰ’ ਸ਼ਬਦ ਕਹੇ ਗਏ ਹਨ।ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸਿੱਖਾਂ ਦੀ ਗਲਤ ਪਹਿਚਾਣ ਹੋਣ ਕਰਕੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ੬ ਦਸੰਬਰ ਨੂੰ ਵੀ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਅਮਰੀਕਾ ਦੇ ਲਾਸ ਏਂਜਲਸ ਇਲਾਕੇ ਵਿੱਚ ਗੁਰਦੁਆਰਾ ਸਾਹਿਬ ਦੀ ਭੰਨ-ਤੋੜ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸਿੱਖ ਸਰਬੱਤ ਦਾ ਭਲਾ ਮੰਗਣ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਵਾਲੀ ਕੌਮ ਹੈ ਜੋ ਅੱਤਵਾਦੀ ਘਟਨਾਵਾਂ ਦੀ ਵੱਡੇ ਪੱਧਰ ਤੇ ਨਿਖੇਧੀ ਕਰਦੀ ਹੈ।ਉਨ੍ਹਾਂ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਬੇਨਤੀ ਕੀਤੀ ਕਿ ਉਹ ਇਸ ਮਾਮਲੇ ਨੂੰ ਅਮਰੀਕਾ ਦੀ ਸਰਕਾਰ ਕੋਲ ਉਠਾਉਣ ਤਾਂ ਕਿ ਵਿਦੇਸ਼ੀ ਧਰਤੀ ਤੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।