13-10-2016-2ਅੰਮ੍ਰਿਤਸਰ 13 ਅਕਤੂਬਰ (           )  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਦੇ ਪ੍ਰਚਾਰਕਾਂ ਦੀ ਪ੍ਰੇਰਣਾ ਸਦਕਾ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਅੰਮ੍ਰਿਤਪਾਨ ਕਰਵਾਇਆ ਗਿਆ। ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਸਬੰਧੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਦੀ ਪ੍ਰੇਰਣਾ ਸਦਕਾ ੧੭ ਵੱਖ-ਵੱਖ ਸਕੂਲਾਂ ਦੇ ੬ਵੀਂ ਕਲਾਸ ਤੋਂ ੧੦ਵੀਂ ਕਲਾਸ ਤਕ ਦੇ ੨੩੩ ਵਿਦਿਆਰਥੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤਪਾਨ ਕਰਵਾ ਕੇ ਗੁਰੂ ਵਾਲੇ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਬੱਚੇ ਧੰਨਤਾ ਯੋਗ ਹਨ ਜਿਨ੍ਹਾਂ ਨੇ ਅੰਮ੍ਰਿਤਪਾਨ ਕਰਕੇ ਕਲਗੀਧਰ ਦਸਮੇਸ਼ ਪਿਤਾ ਦੀਆਂ ਖੁਸ਼ੀਆਂ ਹਾਸਿਲ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਨ ਕਰਨ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰਿਆਂ ਵੱਲੋਂ ਇਨ੍ਹਾਂ ਬੱਚਿਆਂ ਨੂੰ ਪੰਜ ਬਾਣੀਆਂ ਦੇ ਪਾਠ ਕਰਨ ਅਤੇ ਰਹਿਤ-ਬਹਿਤ ਦੇ ਧਾਰਨੀ ਹੋਣ ਲਈ ਪ੍ਰੇਰਿਆ ਗਿਆ। ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਬੱਤ ਮਾਈ-ਭਾਈ ਆਪਣੇ ਬੱਚਿਆਂ ਨੂੰ ਇਨ੍ਹਾਂ ਬੱਚਿਆ ਦੀ ਤਰ੍ਹਾਂ ਅੰਮ੍ਰਿਤਧਾਰੀ ਹੋਣ ਲਈ ਪ੍ਰੇਰਣ ਤੇ ਆਪ ਵੀ ਅੰਮ੍ਰਿਤ ਛਕਣ।
ਇਸ ਸਮਾਗਮ ਮੌਕੇ ਭਾਈ ਜਗਦੇਵ ਸਿੰਘ ਹੈਡ ਪ੍ਰਚਾਰਕ ਤੇ ਭਾਈ ਸਰਵਣ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਸ. ਰਜਿੰਦਰ ਸਿੰਘ ਮੈਨੇਜਰ ਸਤਿਨਾਮੁ ਸਰਬ ਕਲਿਆਣ ਟਰੱਸਟ, ਸ. ਰਣਜੀਤ ਸਿੰਘ ਅਤੇ ਵੱਖ-ਵੱਖ ਸਕੂਲਾਂ ਦੇ ਧਾਰਮਿਕ ਅਧਿਆਪਕ ਵੀ ਸ਼ਾਮਿਲ ਸਨ।