ਅੰਮ੍ਰਿਤਸਰ : ੭ ਅਗਸਤ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਅੰਤ੍ਰਿੰਗ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਦੀ ਜ਼ਮੀਨ ਵਿੱਚੋਂ ਪੰਜ-ਪੰਜ ਏਕੜ ਵਿੱਚ ਕੁਦਰਤੀ ਖੇਤੀ ਕਰਨ ਦੇ ਕੀਤੇ ਅਹਿਮ ਫੈਂਸਲੇ ਨੂੰ ਅਮਲੀ ਰੂਪ ‘ਚ ਲਿਆਉਣ ਲਈ ਖੇਤੀ ਮਾਹਿਰਾਂ ਨਾਲ ੨੨ ਅਗਸਤ ਨੂੰ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਜ਼ਰੂਰੀ ਵਿਚਾਰਾਂ ਕੀਤੀਆਂ ਜਾਣਗੀਆਂ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਡਾਕਟਰ ਰੂਪ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਖੇਤੀ ਕਰਨ ਸਮੇਂ ਫਸਲਾਂ ਦਾ ਜ਼ਿਆਦਾ ਝਾੜ ਲੈਣ ਦੇ ਲਾਲਚ ਵੱਸ ਹੋ ਕੇ ਕਿਸਾਨਾਂ ਵੱਲੋਂ ਕੀਟ ਨਾਸ਼ਕ ਦਵਾਈਆਂ ਦੀ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। ਜਿਸ ਕਰਕੇ ਫਸਲਾਂ ‘ਚ ਜ਼ਹਿਰੀਲਾ ਮਾਦਾ ਦਿਨੋ ਦਿਨ ਵਧ ਰਿਹਾ ਹੈ ਤੇ ਇਸ ਜ਼ਹਿਰੀਲੇ ਮਾਦੇ ਦੇ ਵਧਣ ਕਾਰਣ ਮਨੁੱਖੀ ਸਰੀਰ ਭਿਆਨਕ ਰੋਗਾਂ ਦੀ ਮਾਰ ਹੇਠ ਆ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਦੀ ਜ਼ਮੀਨ ਵਿੱਚ ਰਸਾਇਣਕ ਖਾਦਾਂ ਤੇ ਕੀਟ ਨਾਸ਼ਕ ਦਵਾਈਆਂ ਤੋਂ ਰਹਿਤ ਪੰਜ-ਪੰਜ ਏਕੜ ‘ਚ ਕੁਦਰਤੀ ਖੇਤੀ ਕਰਨ ਦਾ ਫੈਂਸਲਾ ਕੀਤਾ ਹੈ ਤਾਂ ਜੋ ਗੁਰੂ ਘਰਾਂ ‘ਚ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰਾਂ ‘ਚ ਸਾਫ਼ ਸੁਥਰਾ ਤੇ ਚੰਗੀ ਸਿਹਤ ਲਈ ਲੰਗਰ ਤਿਆਰ ਕਰਕੇ  ਛਕਾਇਆ ਜਾ ਸਕੇ, ਜਿਸ ਨਾਲ ਸੰਗਤਾਂ ਦੀ ਸਿਹਤ ਸਵੱਛਤਾ ਬਣੀ ਰਹੇ। ਉਨ੍ਹਾਂ ਦੱਸਿਆ ਕਿ ਫਿਲਹਾਲ ਸ਼੍ਰੋਮਣੀ ਕਮੇਟੀ ਆਪਣੇ ਪ੍ਰਬੰਧ ਵਾਲੇ ੩੫ ਗੁਰਦੁਆਰਾ ਸਾਹਿਬਾਨ ਦੀ ਪੰਜ-ਪੰਜ ਏਕੜ ਜ਼ਮੀਨ ਵਿੱਚ ਕੁਦਰਤੀ ਖੇਤੀ ਕਰਨ ਜਾ ਰਹੀ ਹੈ। ਜਿਸ ਲਈ ਜ਼ਰੂਰੀ ਵਿਚਾਰਾਂ ਕਰਨ ਲਈ ੩੫ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਸਾਹਿਬਾਨ, ਸ੍ਰ: ਕੇਵਲ ਸਿੰਘ ਵਧੀਕ ਸਕੱਤਰ ਜਾਇਦਾਦ, ਸ੍ਰ: ਰਣਜੀਤ ਸਿੰਘ ਵਧੀਕ ਸਕੱਤਰ ੮੫, ਖੇਤੀ ਨਾਲ ਸਬੰਧਿਤ ਕਰਮਚਾਰੀ ਅਤੇ ਖੇਤੀ ਮਾਹਿਰਾਂ ਦੀ ੨੨ ਅਗਸਤ ਨੂੰ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਮੀਟਿੰਗ ਬੁਲਾਈ ਗਈ ਹੈ। ਜਿਸ ਵਿੱਚ ਸ੍ਰ: ਕਾਹਨ ਸਿੰਘ ਪੰਨੂੰ ਐਮ ਡੀ ਪੰਜਾਬ ਐਗਰੋ ਚੰਡੀਗੜ੍ਹ, ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ, ਅੰਮ੍ਰਿਤਸਰ, ਸ੍ਰ: ਬਲਵਿੰਦਰ ਸਿੰਘ ਛੀਨਾ ਮੁੱਖ ਖੇਤੀਬਾੜੀ ਆਫੀਸਰ, ਅੰਮ੍ਰਿਤਸਰ, ਸ੍ਰ: ਸੁਮਿਤ ਸਿੰਘ ਜੀਵਨ ਆਰਗੈਨਿਕ ਫਰਟੀਲਾਈਜ਼ਰਜ ਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਿਲ ਹੋਣਗੇ।ਉਨ੍ਹਾਂ ਵੱਲੋਂ ਦਿੱਤੇ ਸੁਝਾਵਾਂ ਤੇ ਅਮਲ ਕੀਤਾ ਜਾਵੇਗਾ।