ਸ਼੍ਰੋਮਣੀ ਕਮੇਟੀ ਦੇ ਨਵੇਂ ਸੈਸ਼ਨ ਦੇ ਧਰਮ ਪ੍ਰਚਾਰ ਕਮੇਟੀ ਦੀ ਹੋਈ ਪਲੇਠੀ ਮੀਟੰਗ
ਅੰਮ੍ਰਿਤਸਰ 12 ਦਸੰਬਰ ( ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਗਏ ਨਵੇਂ ਸੈਸ਼ਨ ਦੀ ਧਰਮ ਪ੍ਰਚਾਰ ਕਮੇਟੀ ਦੀ ਪਲੇਠੀ ਮੀਟਿੰਗ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਮੀਟਿੰਗ ਹਾਲ ਵਿੱਚ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕੀਤੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੁਣੇ ਗਏ ਨਵੇਂ ਮੈਂਬਰਾਂ ਜਿਨ੍ਹਾ ਵਿੱਚ ਸ. ਤਜਿੰਦਰਪਾਲ ਸਿੰਘ ਹਰਿਆਣਾ, ਸ. ਪ੍ਰਿਤਪਾਲ ਸਿੰਘ ਲੁਧਿਆਣਾ, ਸ. ਅਜਾਇਬ ਸਿੰਘ ਅਭਿਆਸੀ, ਸ. ਮਨਜੀਤ ਸਿੰਘ ਬਪੀਆਣਾ, ਸ. ਰਾਮਪਾਲ ਸਿੰਘ ਬੈਹਣੀਵਾਲ ਅਤੇ ਸ. ਸੁਖਵਰਸ਼ ਸਿੰਘ ਆਦਿ ਸ਼ਾਮਲ ਹੋਏ। ਮੀਟਿੰਗ ਦੀ ਅਰੰਭਤਾ ਅਰਦਾਸ ਨਾਲ ਹੋਈ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਮੈਂਬਰਾਂ ਨੂੰ ਦਿਲੀਂ ਮੁਬਾਰਕ ਦਿੰਦਿਆਂ ਕਿਹਾ ਕਿ ਅਸੀਂ ਗੁਰਮਿਤ ਜੁਗਤ ਅੰਦਰ ਰਹਿੰਦਿਆਂ ਫੈਸਲੇ ਕਰਕੇ ਖਾਲਸਾ ਪੰਥ ਦਾ ਨਾਮ ਉੱਚਾ ਕਰਾਂਗੇ। ਉਨ੍ਹਾਂ ਨੇ ਸਮੂਹ ਮੈਂਬਰਾਂ ਨੂੰ ਜੋਰਦਾਰ ਤਾਕੀਦ ਕਰਦਿਆਂ ਹੋਇਆਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਪੂਰੀ ਤਨਦੇਹੀ ਨਾਲ ਘਰ-ਘਰ ਪਹੁੰਚਾਣ ਦਾ ਯਤਨ ਕਰਨ ਤਾਂ ਕਿ ਮਜੌਦਾ ਸਮੇਂ ਦੀ ਸਿੱਖ ਨੋਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਾ ਕੇ ਆਪਣੇ ਅਮੀਰ ਵਿਰਸੇ ਨਾਲ ਜੋੜਿਆ ਜਾ ਸਕੇ। ਇਸ ਦੌਰਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਦਸਮੇਸ਼ ਪਿਤਾ ਦੇ ਵੱਡੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ੨੨ ਦਸੰਬਰ ਨੂੰ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ੧੧:੦੦ ਤੋਂ ੧੧:੩੦ ਦੇ ਵਿਚਕਾਰ ਜਪੁਜੀ ਸਾਹਿਬ, ਚੌਪਈ ਸਾਹਿਬ ਦੇ ਪਾਠ ਅਤੇ ਪੰਥ ਦੀ ਚੜ੍ਹਦੀ ਕਲਾ ਤੇ ਸਰਬੱਤ ਭਲੇ ਲਈ ਅਰਦਾਸ ਕਰਨਗੇ। ਉਨ੍ਹਾਂ ਨੇ ਧਰਮ ਪ੍ਰਚਾਰ ਕਮੇਟੀ ਦੇ ਸਮੂਹ ਮੈਂਬਰਾਨ ਨੂੰ ਇਸ ਕਾਰਜ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ ਅਤੇ ਨਾਲ ਹੀ ਪੰਥ ਦੇ ਸਮੂਹ ਪ੍ਰਚਾਰਕਾਂ, ਗ੍ਰੰਥੀ ਸਿੰਘਾਂ, ਰਾਗੀਆਂ, ਢਾਡੀਆਂ ਅਤੇ ਸਮੂਹ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਸਕੂਲਾਂ, ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਵੀ ਉਕਤ ਸਮਾਗਮ ਅੰਦਰ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਪ੍ਰੇਰਨਾ ਕੀਤੀ। ਇਸ ਮੀਟਿੰਗ ਦੌਰਾਨ ਧਰਮ ਪ੍ਰਚਾਰ ਦੇ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜਮਾਂ ਦਾ ਰੀਫ੍ਰੈਸ਼ਰ ਕੋਰਸ ਆਰੰਭ ਕਰਨ ਦੀ ਯੋਜਨਾ ਵਿਚਾਰ ਕੀਤੀ ਗਈ ਅਤੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਚੱਲ ਰਹੇ ਸਿੱਖ ਪ੍ਰਚਾਰ ਮਿਸ਼ਨ ਦੇ ਪ੍ਰਚਾਰ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਤਾਂ ਕਿ ਸਿੱਖੀ ਦੀ ਫੁੱਲਵਾੜੀ ਸਮੂਚੇ ਦੇਸ਼ ਅੰਦਰ ਮਹਿਕਾਂ ਵੰਡ ਸਕੇ। ਪ੍ਰਧਾਨ ਸਾਹਿਬ ਨੇ ਸਪਸ਼ਟ ਰੂਪ ਵਿੱਚ ਕਿਹਾ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਸਬੰਧੀ ਆਯੋਜਿਤ ਕੀਤੇ ਜਾ ਰਹੇ ਗੁਰਮਿਤ ਸਮਾਗਮਾਂ ਨੂੰ ਸਫਲ ਕਰਨ ਹਿੱਤ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਪੂਰਨ ਰੂਪ ਵਿੱਚ ਯੋਗਦਾਨ ਪਾਇਆ ਜਾਵੇਗਾ। ਇਨ੍ਹਾਂ ਸਮੂਚੇ ਕਾਰਜਾਂ ਨੂੰ ਸਫਲ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਅਧਿਕਾਰੀਆਂ, ਕਰਮਚਾਰੀਆਂ, ਰਾਗੀਆਂ, ਢਾਡੀਆਂ ਦੀਆਂ ਡਿਊਟੀਆਂ ਲਗਾ ਕੇ ਕੰਮ ਵੰਡ ਦਿੱਤੇ ਗਏ ਹਨ। ਮੀਟਿੰਗ ਦੌਰਾਨ ਕੀਤੀਆਂ ਗਈਆਂ ਵਿਚਾਰਾਂ ਉਪਰੰਤ ਧਰਮ ਪ੍ਰਚਾਰ ਕਮੇਟੀ ਦੇ ਸਮੂਹ ਮੈਂਬਰਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਪੂਰਨ ਰੂਪ ਵਿੱਚ ਭਰੋਸਾ ਦਿੰਦਿਆਂ ਹੋਇਆਂ ਕਿਹਾ ਕਿ ਧਰਮ ਪ੍ਰਚਾਰ ਦੀ ਮੁਹਿਮ ਨੂੰ ਪ੍ਰਚੰਡ ਕਰਨ ਦੇ ਲਈ ਉਨ੍ਹਾਂ ਵੱਲੋਂ ਵੱਧ ਚੜ੍ਹ ਕੇ ਆਪਣਾ ਹਿੱਸਾ ਪਾਇਆ ਜਾਵੇਗਾ। ਮੀਟਿੰਗ ਵਿੱਚ ਸ. ਹਰਚਰਨ ਸਿੰਘ ਮੁੱਖ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ. ਰੂਪ ਸਿੰਘ ਸਕੱਤਰ, ਸ. ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ, ਡਾ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ. ਸਿਮਰਜੀਤ ਸਿੰਘ ਮੀਤ ਸਕੱਤਰ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਕਰਮਚਾਰੀ ਸ਼ਾਮਲ ਸਨ।