ਗਰੀਬ ਅਤੇ ਲੋੜਵੰਦ ਸਿੱਖ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ਦੇਵੇਗੀ ਸ਼੍ਰੋਮਣੀ ਕਮੇਟੀ

ਗਰੀਬ ਬਸਤੀਆਂ ਤੇ ਸਰਹੱਦੀ ਖੇਤਰਾਂ ‘ਚ ਸ਼੍ਰੋਮਣੀ ਕਮੇਟੀ ਚਲਾਏਗੀ ਮੈਡੀਕਲ ਵੈਨਾਂ-ਭਾਈ ਲੌਂਗੋਵਾਲ

ਸ਼੍ਰੋਮਣੀ ਕਮੇਟੀ ਵੱਲੋਂ ਵਿਦਿਅਕ ਅਦਾਰਿਆਂ ਅੰਦਰ ਇਨਾਮੀ ਧਾਰਮਿਕ ਮੁਕਾਬਲੇ ਕਰਵਾਉਣ ਦਾ ਫ਼ੈਸਲਾ

ਗੁਰਬਾਣੀ ਦੀ ਮੁਕੰਮਲ ਸੰਥਿਆ ਲੈਣ ਵਾਲੇ ਗ੍ਰੰਥੀਆਂ ਨੂੰ ੫੧੦੦ ਰੁਪਏ ਤੇ ਸਰਟੀਫਿਕੇਟ ਦੇਣ ਦਾ ਐਲਾਨ

ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਨੌਵੀਂ ਕੁਰੂਕਸ਼ੇਤਰ ਵਿਖੇ ਧਰਮ ਪ੍ਰਚਾਰ ਕਮੇਟੀ ਦੀ ਹੋਈ ਇਕੱਤਰਤਾ

ਅੰਮ੍ਰਿਤਸਰ, 09 ਫ਼ਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਰੀਬ ਅਤੇ ਲੋੜਵੰਦ ਸਿੱਖ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ਦੇਣ, ਗਰੀਬ ਬਸਤੀਆਂ ਤੇ ਸਰਹੱਦੀ ਖੇਤਰਾਂ ਵਿਚ ਲੋੜਵੰਦ ਮਰੀਜ਼ਾਂ ਲਈ ਮੈਡੀਕਲ ਵੈਨਾਂ ਵੀ ਚਲਾਉਣ ਅਤੇ ਧਰਮ ਪ੍ਰਚਾਰ ਲਹਿਰ ਨੂੰ ਸਿਖ਼ਰ ‘ਤੇ ਪਹੁੰਚਾਉਣ ਲਈ ਪ੍ਰਚਾਰਕ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਐਲਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਕੁਰੂਕਸ਼ੇਤਰ ਵਿਖੇ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਇਕੱਤਰਤਾ ਦੌਰਾਨ ਲਏ ਗਏ ਫ਼ੈਸਲਿਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਗਰੀਬ ਅਤੇ ਲੋੜਵੰਦ ਸਿੱਖ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ਦਿੱਤੀ ਜਾਵੇਗੀ, ਉਥੇ ਹੀ ਗਰੀਬ ਸਿੱਖਾਂ ਦੀ ਮੌਤ ਸਮੇਂ ਵੀ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ਸ਼੍ਰੋਮਣੀ ਕਮੇਟੀ ਦੇਵੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਇਕ ਹੋਰ ਅਹਿਮ ਫ਼ੈਸਲੇ ਤਹਿਤ ਗਰੀਬ ਬਸਤੀਆਂ ਅਤੇ ਸਰਹੱਦੀ ਖੇਤਰਾਂ ਵਿਚ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਡਾਕਟਰੀ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਕਾਰਜ ਲਈ ਪੰਜਾਬ ਦੇ ਤਿੰਨ ਜੋਨਾਂ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮੈਡੀਕਲ ਵੈਨਾਂ ਚਲਾਈਆਂ ਜਾਣਗੀਆਂ, ਜਿਨ੍ਹਾਂ ਵਿਚ ਡਾਕਟਰ, ਸਰਾਫ਼ ਨਰਸ ਸਮੇਤ ਹੋਰ ਲੋੜੀਂਦਾ ਸਟਾਫ਼ ਅਤੇ ਲੋੜ ਅਨੁਸਾਰ ਦਵਾਈਆਂ ਹੋਣਗੀਆਂ। ਇਹ ਮੈਡੀਕਲ ਸਹੂਲਤਾਂ ਪਿਛੜੇ ਇਲਾਕਿਆਂ ਅਤੇ ਲੋੜਵੰਦਾਂ ਤੱਕ ਪਹੁੰਚ ਕਰਨਗੀਆਂ।
ਭਾਈ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਲਹਿਰ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਇਸ ਕਾਰਜ ਲਈ ੧੦੦ ਪ੍ਰਚਾਰਕ, ੨੦ ਢਾਡੀ ਜਥੇ ਅਤੇ ੧੦ ਕਵੀਸ਼ਰੀ ਜਥੇ ਹੋਰ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰਚਾਰਕ ਜਥੇ ਸਥਾਨਕ ਪੱਧਰ ਤੋਂ ਹੀ ਲਏ ਜਾਣਗੇ ਤਾਂ ਜੋ ਇਲਾਕਾਈ ਸਮਝ ਅਨੁਸਾਰ ਜ਼ਮੀਨੀ ਪੱਧਰ ਤੱਕ ਧਰਮ ਪ੍ਰਚਾਰ ਕਰਨ ਸਮੇਂ ਮੁਸ਼ਕਲ ਨਾ ਆਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹੋਰ ਦੱਸਿਆ ਕਿ ਹਰ ਜ਼ਿਲ੍ਹੇ ਵਿਚ ਗ੍ਰੰਥੀ ਸਿੰਘਾਂ ਦੀ ਸੰਥਿਆ ਕਰਵਾਉਣ ਲਈ ਕੈਂਪ ਲਗਾਏ ਜਾਣਗੇ ਅਤੇ ਇਨ੍ਹਾਂ ਕੈਂਪਾਂ ਦੀ ਅਰੰਭਤਾ ਤਖ਼ਤ ਸਾਹਿਬਾਨ ਤੋਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸਫ਼ਤਲਤਾ ਪੂਰਵਕ ਗੁਰਬਾਣੀ ਦੀ ਸੰਥਿਆ ਲੈਣ ਵਾਲੇ ਗ੍ਰੰਥੀ ਸਿੰਘਾਂ ਨੂੰ ਸਤਿਕਾਰ ਵਜੋਂ ੫੧੦੦ ਰੁਪਏ, ਸਰਰੀਫਿਕੇਟ ਅਤੇ ਮੈਡਲ ਦਿੱਤੇ ਜਾਣਗੇ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਿੰਡਾਂ ਦੇ ਗੁਰਦੁਆਰਿਆਂ ਵਿਚ ਸਵੇਰੇ ਸ਼ਾਮ ਕਥਾ ਕਰਨ ਵਾਲੇ ਗ੍ਰੰਥੀਆਂ ਨੂੰ ੧੧੦੦ ਸੇਵਾਫਲ ਵਜੋਂ ਦਿੱਤੇ ਜਾਣਗੇ, ਪ੍ਰੰਤੂ ਇਸ ਲਈ ਗ੍ਰੰਥੀ ਸਿੰਘਾਂ ਨੂੰ ਇਕ ਟੈਸਟ ਪਰਕ੍ਰਿਆ ਵਿੱਚੋਂ ਲੰਘਣਾ ਪਵੇਗਾ। ਇਸੇ ਤਰ੍ਹਾਂ ਅੰਮ੍ਰਿਤ ਸੰਚਾਰ ਸਮੇਂ ਪੰਜ ਪਿਆਰਿਆਂ ਵਿਚ ਸ਼ਾਮਲ ਹੋਣ ਵਾਲੇ ਅਤੇ ਧਰਮ ਪ੍ਰਚਾਰ ਲਹਿਰ ਨੂੰ ਉਤਸ਼ਾਹਿਤ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਜਾਣਗੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਸਕੂਲਾਂ ਕਾਲਜਾਂ ਵਿਚ ਸਿੱਖ ਧਰਮ ਦਾ ਵਿਸ਼ਾ ਜ਼ਰੂਰੀ ਕੀਤਾ ਜਾਵੇਗਾ ਅਤੇ ਹਰ ਸਕੂਲ ਕਾਲਜ ਵਿਚ ਧਾਰਮਿਕ ਅਧਿਆਪਕ ਅਤੇ ਲੈਕਚਰਾਰ ਭਰਤੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਵਿਦਿਅਕ ਅਦਾਰਿਆਂ ਅੰਦਰ ਵੱਖ-ਵੱਖ ਤਰ੍ਹਾਂ ਦੇ ਇਨਾਮੀ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਵਿਚ ਢਾਡੀ, ਕਵੀਸ਼ਰੀ, ਲੈਕਚਰ ਅਤੇ ਸਿੱਖ ਵਿਰਾਸਤ ਸਬੰਧੀ ਸਵਾਲ ਜਵਾਬ ਦੇ ਮੁਕਾਬਲੇ ਵਿਸ਼ੇਸ਼ ਹੋਣਗੇ। ਇਸੇ ਤਰ੍ਹਾਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੇ ਗੁਰਮਤਿ ਟ੍ਰੇਨਿੰਗ ਅਤੇ ਸਿੱਖ ਨੌਜੁਆਨ ਲੀਡਰਸ਼ਿਪ ਕੈਂਪ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਵਿਸਾਖਾਪਟਨਮ ਵਿਖੇ ੮੪ ਸਿਕਲੀਗਰ ਸਿੱਖ ਬੱਚਿਆਂ ਦੀ ਫ਼ੀਸਾਂ ਲਈ ੮ ਲੱਖ ਰੁਪਏ ਦੀ ਰਾਸ਼ੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜੋ ਸਿੱਧੇ ਤੌਰ ‘ਤੇ ਸਕੂਲਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਂਦੇ ਧਰਮ ਪ੍ਰਚਾਰ ਸਮਾਗਮਾਂ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਉਣ ਲਈ ਹਰ ਮਹੀਨੇ ਧਰਮ ਪ੍ਰਚਾਰ ਸਰਗਰਮੀਆਂ ਪ੍ਰਕਾਸ਼ਤ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ. ਅਵਤਾਰ ਸਿੰਘ ਵਣਵਾਲਾ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਸੁਖਵਰਸ਼ ਸਿੰਘ ਪੰਨੂੰ, ਸ. ਤੇਜਿੰਦਰਪਾਲ ਸਿੰਘ ਲਾਡਵਾ, ਸ. ਮਨਜੀਤ ਸਿੰਘ ਬੱਪੀਆਣਾ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਅੰਤ੍ਰਿੰਗ ਮੈਂਬਰ, ਸ. ਬਲਦੇਵ ਸਿੰਘ ਕਾਇਮਪੁਰ, ਸ. ਭੁਪਿੰਦਰ ਸਿੰਘ ਅਸੰਧ, ਸ. ਹਰਭਜਨ ਸਿੰਘ ਮਸਾਣਾ, ਬੀਬੀ ਮਨਜੀਤ ਕੌਰ ਕੰਧੋਲਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਜਗਜੀਤ ਸਿੰਘ ਜੱਗੀ ਨਿੱਜੀ ਸਹਾਇਕ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਗੁਰਿੰਦਰਪਾਲ ਸਿੰਘ ਠਰੂ, ਸ. ਪਰਮਜੀਤ ਸਿੰਘ ਇੰਚਾਰਜ, ਸ. ਮੰਗਪ੍ਰੀਤ ਸਿੰਘ, ਸ. ਸ਼ਰਨਜੀਤ ਸਿੰਘ ਸੋਥਾ, ਸ. ਗੁਰਜੋਤ ਸਿੰਘ ਨਿਡਰ, ਸ. ਕੰਵਲਜੀਤ ਸਿੰਘ ਅਜਰਾਣਾ ਅਤੇ ਹੋਰ ਮੌਜੂਦ ਸਨ।