ਅੰਮ੍ਰਿਤਸਰ, 09 ਫ਼ਰਵਰੀ- ਸਥਾਨਕ ਸੁਲਤਾਨਵਿੰਡ ਰੋਡ ‘ਤੇ ਚਲਾਏ ਜਾ ਰਹੇ ਇਕ ਬਿਊਟੀ ਪਾਰਲਰ ਦਾ ਨਾਮ ‘ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ’ ਰੱਖੇ ਜਾਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰਵਾਈ ਕਰਨ ‘ਤੇ ਦੋਸ਼ੀਆਂ ਨੇ ਮੁਆਫੀ ਮੰਗ ਲਈ ਹੈ। ਦੱਸਣਯੋਗ ਹੈ ਕਿ ਮਾਮਲਾ ਸਾਹਮਣੇ ਆਉਣ ‘ਤੇ ਸ਼੍ਰੋਮਣੀ ਕਮੇਟੀ ਨੇ ਅਪਾਣੇ ਪ੍ਰਚਾਰਕਾਂ ਰਾਹੀਂ ਇਸ ਮਾਮਲੇ ਦੀ ਪੜਤਾਲ ਕਰਵਾਈ ਸੀ। ਜਿਸ ਦੌਰਾਨ ਸਾਹਮਣੇ ਆਇਆ ਕਿ ਗੁਰੂ ਸਾਹਿਬ ਦੇ ਨਾਮ ‘ਤੇ ਚਲਾਏ ਜਾ ਰਹੇ ਬਿਰਧ ਆਸ਼ਰਮ ਵੱਲੋਂ ਖੋਲ੍ਹੇ ਗਏ ਪਾਰਲਰ ਦਾ ਨਾਮ ਵੀ ਗੁਰੂ ਸਾਹਿਬ ਦੇ ਨਾਮ ‘ਤੇ ਰੱਖਿਆ ਗਿਆ ਸੀ ਅਤੇ ਇਸ ਵਿਚ ਰੋਮਾਂ ਦੀ ਬੇਅਦਬੀ ਆਦਿ ਦੀਆਂ ਕਾਰਵਾਈਆਂ ਸਾਹਮਣੇ ਆਈਆਂ ਸਨ।
ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ ਅਨੁਸਾਰ ਪ੍ਰਚਾਰਕ ਭਾਈ ਸੁਰਜੀਤ ਸਿੰਘ ਸਭਰਾ ਦੀ ਡਿਊਟੀ ਲਗਾਈ ਗਈ ਸੀ। ਪ੍ਰਚਾਰਕ ਵੱਲੋਂ ਪੜਤਾਲ ਮੁਕੰਮਲ ਕਰਕੇ ਰਿਪੋਰਟ ਦਫਤਰ ਵਿਖੇ ਦੇ ਦਿੱਤੀ ਗਈ ਹੈ ਜੋ ਅਗਲੇਰੀ ਕਾਰਵਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇਗੀ।