ਅੰਮ੍ਰਿਤਸਰ, 24 ਦਸੰਬਰ- ਪਾਕਿਸਤਾਨ ਦੇ ਸੂਬਾ ਖੈਬਰ ਖਪਤੂਨਖਵਾ ’ਚ ਸਿੱਖਾਂ ਦੇ ਸ੍ਰੀ ਸਾਹਿਬ (ਕਿਰਪਾਨ) ਪਹਿਨ ਕੇ ਅਦਾਲਤ ਕੰਪਲੈਕਸ ਜਾਂ ਸਰਕਾਰੀ ਅਦਾਰਿਆਂ ’ਚ ਜਾਣ ’ਤੇ ਰੋਕ ਲਗਾਉਣ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੰਦਭਾਗਾ ਅਤੇ ਧਾਰਮਿਕ ਅਜ਼ਾਦੀ ਦੇ ਖਿਲਾਫ ਕਰਾਰ ਦਿੱਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਅੰਮ੍ਰਿਤਧਾਰੀ ਸਿੱਖਾਂ ਲਈ ਪੰਜ ਕਕਾਰਾਂ ਵਿੱਚੋਂ ਸ੍ਰੀ ਸਾਹਿਬ ਇਕ ਅਹਿਮ ਹਿੱਸਾ ਹੈ, ਜੋ ਸਿੱਖ ਰਹਿਣੀ ਅਨੁਸਾਰ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਾਜਣ ਸਮੇਂ ਬਖ਼ਸ਼ੀ ਪੰਜ ਕਕਾਰੀ ਰਹਿਣੀ ਵਿਚ ਸ੍ਰੀ ਸਾਹਿਬ ਨੂੰ ਜਰੂਰੀ ਕਰਾਰ ਦਿੱਤਾ ਸੀ, ਜੋ ਖਾਲਸਾਈ ਰਹਿਣੀ ਦਾ ਅਹਿਮ ਅੰਗ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਿਰਪਾਨ ਚਾਕੂ ਜਾਂ ਖੰਜਰ ਨਹੀਂ, ਬਲਕਿ ਸਿੱਖਾਂ ਵਾਸਤੇ ਇਹ ਵਿਸ਼ਵਾਸ ਦਾ ਚਿੰਨ੍ਹ ਹੈ। ਇਸ ਲਈ ਪਿਸ਼ਾਵਰ ਹਾਈਕੋਰਟ ਦੇ ਉਕਤ ਫੈਸਲੇ ਨਾਲ ਸਿੱਖ ਮਨਾਂ ਅੰਦਰ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸਿੱਖ ਦੁਨੀਆਂ ਭਰ ਵਿਚ ਵੱਸੇ ਹੋਏ ਹਨ ਅਤੇ ਹੁਣ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਹਵਾਈ ਅੱਡਿਆਂ ਸਮੇਤ ਹੋਰ ਥਾਵਾਂ ’ਤੇ ਸਿੱਖਾਂ ਨੂੰ ਸ੍ਰੀ ਸਾਹਿਬ ਪਹਿਨਣ ਦੀ ਮਾਨਤਾ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ 1947 ਤੋਂ ਪਹਿਲਾਂ ਭਾਰਤ ਦਾ ਅੰਗ ਰਿਹਾ ਹੈ, ਇਸ ਲਈ ਇਥੇ ਵੱਸਣ ਵਾਲੇ ਸਿੱਖ ਇਤਿਹਾਸ ਅਤੇ ਪ੍ਰੰਪਰਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰਾਂ ਅਤੇ ਅਦਾਲਤਾਂ ਨੂੰ ਸਿੱਖ ਕੌਮ ਦੇ ਜਜ਼ਬਾਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਿਥੇ ਪਾਕਿਸਤਾਨ ਸਰਕਾਰ ਨੂੰ ਇਸ ਮਸਲੇ ਦਾ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ, ਉਥੇ ਭਾਰਤ ਸਰਕਾਰ ਨੂੰ ਵੀ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਰਕੇ ਇਸ ਮਸਲੇ ਦਾ ਹੱਲ ਕਰਵਾਉਣ ਲਈ ਕਿਹਾ।