ਅੰਮ੍ਰਿਤਸਰ, ੧੭ ਦਸੰਬਰ ( )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਅੰਦਰ ਸਿੱਖਾਂ ਨੂੰ ਧਰਮ ਪਰਿਵਰਤਨ ਲਈ ਦਬਾਉਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਨੂੰ ਧਾਰਮਿਕ ਆਜ਼ਾਦੀ ਦੇ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ਹੈ। ਇਹ ਮਾਮਲਾ ਪਾਕਿਸਤਾਨ ਅੰਦਰ ਸੂਬਾ ਖੈਬਰ ਪਖਤੂਨਖਵਾ ਦੇ ਜ਼ਿਲ੍ਹਾ ਹੰਗੂ ‘ਚ ਕਸਬਾ ਦੁਆਬਾ ਦਾ ਹੈ, ਜਿਥੇ ਇੱਕ ਸਹਾਇਕ ਕਮਿਸ਼ਨਰ ਵੱਲੋਂ ਸਿੱਖਾਂ ਨੂੰ ਮੁਸਲਿਮ ਧਰਮ ਧਾਰਨ ਕਰਨ ਲਈ ਮਜ਼ਬੂਰ ਕਰਨ ਦੀਆਂ ਰੀਪੋਰਟਾਂ ਹਨ। ਇਸ ਸਬੰਧੀ ਸਾਹਮਣੇ ਆਈ ਖਬਰ ਅਨੁਸਾਰ ਸਬੰਧਤ ਅਧਿਕਾਰੀ ਨੇ ਸਿੱਖਾਂ ਨੂੰ ਦਫਤਰ ਬੁਲਾ ਕੇ ਉਨ੍ਹਾਂ ‘ਤੇ ਧਰਮ ਤਬਦੀਲ ਕਰਨ ਦਾ ਦਬਾਅ ਬਣਾਉਂਦਿਆਂ ਕਾਰੋਬਾਰ ਬੰਦ ਕਰਾਉਣ ਦੀ ਵੀ ਧਮਕੀ ਦਿੱਤੀ।
ਜਾਰੀ ਇੱਕ ਬਿਆਨ ਰਾਹੀਂ ਭਾਈ ਲੌਂਗੋਵਾਲ ਨੇ ਕਿਹਾ ਕਿ ਪਾਕਿਸਤਾਨ ਅੰਦਰ ਘੱਟ ਗਿਣਤੀ ਸਿੱਖਾਂ ਨਾਲ ਅਜਿਹਾ ਧੱਕਾ ਬਰਦਾਸ਼ਤਯੋਗ ਨਹੀਂ ਹੈ ਅਤੇ ਇਸ ਮਾਮਲੇ ਵਿਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਅੰਦਰ ਸਿੱਖ ਆਪਣੀ ਮਿਹਨਤ ਤੇ ਲਿਆਕਤ ਨਾਲ ਉੱਚ ਮੁਕਾਮ ਹਾਸਿਲ ਕਰ ਰਹੇ ਹਨ ਅਤੇ ਇਹ ਵੀ ਸਾਰੀ ਦੁਨੀਆਂ ਜਾਣਦੀ ਹੈ ਕਿ ਸਿੱਖ ਕੌਮ ਭਾਈਚਾਰਕ ਸਾਂਝ ਦੀ ਹਮਾਇਤੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਨੂੰ ਆਪਣੇ ਕਲਾਵੇ ਵਿਚ ਲੈਣ ਵਾਲੇ ਸਿੱਖ ਧਰਮ ਦੇ ਅਨੁਯਾਈ ਜਿਥੇ ਵੀ ਰਹਿੰਦੇ ਹਨ, ਉਸ ਦੇਸ਼ ਦੀ ਤਰੱਕੀ ਲਈ ਹਮੇਸ਼ਾਂ ਭਾਈਵਾਲ ਬਣਦੇ ਹਨ। ਪਰੰਤੂ ਦੁੱਖ ਦੀ ਗੱਲ ਹੈ ਕਿ ਸਿੱਖਾਂ ਨਾਲ ਅਜਿਹੀਆਂ ਵਧੀਕੀਆਂ ਹੁੰਦੀਆਂ ਹਨ। ਉਨ੍ਹਾਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਕਥਿਤ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਅੱਗੇ ਤੋਂ ਘੱਟ ਗਿਣਤੀ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।