ਅੰਮ੍ਰਿਤਸਰ 18 ਦਸੰਬਰ
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 25 ਦਸੰਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਗੁਰਮਤਿ ਸਮਾਗਮਾਂ ਦੇ ਪ੍ਰਬੰਧਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਐਡੀਸ਼ਨਲ ਸਕੱਤਰ ਸ. ਪ੍ਰਤਾਪ ਸਿੰਘ ਅਤੇ ਮੀਤ ਸਕੱਤਰ ਸ. ਚਾਨਣ ਸਿੰਘ ਦੀ ਅਗਵਾਈ ਵਿਚ 500 ਮੁਲਾਜ਼ਮਾਂ ਨੂੰ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਰਵਾਨਾ ਕੀਤਾ।
ਇਸ ਮੌਕੇ ਡਾ. ਰੂਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਕਰਵਾਏ ਜਾਣ ਵਾਲੇ ਸਮਾਗਮਾਂ ‘ਚ ਉਚੇਚੇ ਤੌਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼ਿਰਕਤ ਕਰਨਗੇ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਪਟਨਾ ਸਾਹਿਬ ਲਈ 500 ਮੁਲਾਜ਼ਮ ਭੇਜੇ ਗਏ ਹਨ, ਜਿਨਾਂ ਵਿਚ ਅਧਿਕਾਰੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ 10 ਹਜ਼ੂਰੀ ਰਾਗੀ ਜਥੇ, ਮਿਸ਼ਨਰੀ ਕਾਲਜਾਂ ਦਾ ਸਟਾਫ਼, ਕਲਰਕ, ਹੈਲਪਰ, ਸੇਵਾਦਾਰ, ਲਾਂਗਰੀ, ਗ੍ਰੰਥੀ ਸਿੰਘ, ਢਾਡੀ ਅਤੇ ਕਵੀਸ਼ਰ ਜਥੇ ਸ਼ਾਮਲ ਹਨ। ਇਹ ਸਟਾਫ਼ ਸਮਾਗਮਾਂ ਦੀ ਸੰਪੂਰਨਤਾ ਤੱਕ ਸੇਵਾ ਨਿਭਾਵੇਗਾ। ਉਨਾਂ ਦੱਸਿਆ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਸਬੰਧੀ ਹੋਣ ਵਾਲੇ ਮੁੱਖ ਸਮਾਗਮ ਦੇ ਪ੍ਰਬੰਧ ਦੀ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਨਿਭਾਈ ਜਾਵੇਗੀ ਅਤੇ ਇਸ ਤੋਂ ਇਲਾਵਾ ਸੰਗਤਾਂ ਲਈ ਲੰਗਰ ਆਦਿ ਵਿਚ ਵੀ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਸ. ਨਿਰਮਲ ਸਿੰਘ ਇੰਚਾਰਜ ਗੱਡੀਆਂ, ਸ. ਦਲਜੀਤ ਸਿੰਘ ਸੁਪਰਵਾਈਜ਼ਰ ਆਦਿ ਮੌਜੂਦ ਸਨ।