ਅੰਮ੍ਰਿਤਸਰ, 7 ਮਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਤਰਨ ਤਾਰਨ ਜ਼ਿਲ੍ਹੇ ਦੇ ਝਬਾਲ ਨੇੜਲੇ ਪਿੰਡ ਚੱਕ ਸਿਕੰਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੬ ਪਾਵਨ ਸਰੂਪ ਅਗਨ ਭੇਟ ਹੋਣ ‘ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਤੁਰੰਤ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਭਾਈ ਮਨਜੀਤ ਸਿੰਘ, ਮੀਤ ਸਕੱਤਰ ਸ. ਹਰਜੀਤ ਸਿੰਘ ਲਾਲੂਘੁੰਮਣ, ਗੁਰਦੁਆਰਾ ਸ੍ਰੀ ਬੀੜ ਸਾਹਿਬ ਦੇ ਮੈਨੇਜਰ ਅਤੇ ਪ੍ਰਚਾਰਕਾਂ ਨੂੰ ਚੱਕ ਸਿਕੰਦਰ ਵਿਖੇ ਭੇਜਿਆ। ਭਾਈ ਲੌਂਗੋਵਾਲ ਨੇ ਕਿਹਾ ਕਿ ਬਾਰ-ਬਾਰ ਸੰਗਤਾਂ ਨੂੰ ਅਪੀਲ ਕਰਨ ਦੇ ਬਾਵਜੂਦ ਵੀ ਬਿਜਲੀ ਉਪਕਰਣਾਂ ਦੁਆਰਾ ਗੁਰੂ ਘਰਾਂ ਅੰਦਰ ਅੱਗ ਲੱਗਣ ਦੀਆਂ ਵਾਪਰ ਰਹੀਆਂ ਦੁਖਦਾਈ ਘਟਨਾਵਾਂ ਚਿੰਤਾਜਨਕ ਹਨ। ਉਨ੍ਹਾਂ ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਲੋੜ ਸਮੇਂ ਹੀ ਬਿਜਲੀ ਉਪਕਰਣ ਚਲਾਏ ਜਾਣ ਅਤੇ ਰਾਤ ਸਮੇਂ ਬਿਜਲੀ ਦੀ ਸਮੁੱਚੀ ਸਪਲਾਈ ਬੰਦ ਰੱਖੀ ਜਾਵੇ।