ਅੰਮ੍ਰਿਤਸਰ, ੧੦ ਮਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸਿੱਖ ਕੌਮ ੧੯੮੪ ਦੇ ਸਿੱਖ ਕਤਲੇਆਮ ਨੂੰ ਕਦੇ ਵੀ ਭੁੱਲ ਨਹੀਂ ਸਕਦੀ ਅਤੇ ਦੂਸਰੇ ਪਾਸੇ ਕਾਂਗਰਸ ਕਦੇ ਵੀ ਇਸ ਕਤਲੇਆਮ ਦੇ ਦੋਸ਼ ਤੋਂ ਮੁਕਤ ਨਹੀਂ ਹੋ ਸਕਦੀ। ਉਨ੍ਹਾਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਵੱਲੋਂ ੧੯੮੪ ਦੀ ਸਿੱਖ ਨਸਲਕੁਸ਼ੀ ਭੁੱਲ ਜਾਣ ਦੇ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਆਖਿਆ ਕਿ ਕਾਂਗਰਸ ਵੱਲੋਂ ੧੯੮੪ ਵਿਚ ਕੀਤਾ ਗਿਆ ਸਿੱਖ ਕਤਲੇਆਮ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਸੀ, ਜਿਸ ਨੂੰ ਭੁੱਲ ਜਾਣ ਦੀ ਗੱਲ ਕਹਿਣਾ ਬੇਸ਼ਰਮੀ ਦੀ ਸਿਖ਼ਰ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਜੋ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਇਕ ਮੀਟਿੰਗ ਵਿਚ ਸ਼ਾਮਲ ਹੋਣ ਲਈ ਪੁੱਜੇ ਹੋਏ ਹਨ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਆਖਿਆ ਕਿ ਸੈਮ ਪਿਤਰੋਦਾ ਦੇ ਬਿਆਨ ਤੋਂ ਇਕ ਵਾਰ ਫਿਰ ਸਾਫ਼ ਹੋਇਆ ਹੈ ਕਿ ਇਸ ਦੀ ਜ਼ੁੰਮੇਵਾਰ ਕਾਂਗਰਸ ਸੀ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਗਦੀਸ਼ ਟਾਈਟਲਰ ਦੀ ਸਾਹਮਣੇ ਆਈ ਇਕ ਵੀਡੀਓ ਵਿਚ ਸੈਂਕੜੇ ਸਿੱਖਾਂ ਦੇ ਕਤਲ ਦੀ ਗੱਲ ਪ੍ਰਵਾਨ ਕੀਤੀ ਗਈ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਕੌਮ ੧੯੮੪ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਪਿਛਲੇ ੩੫ ਸਾਲ ਤੋਂ ਸੰਘਰਸ਼ ਲੜਦੀ ਆ ਰਹੀ ਹੈ ਅਤੇ ਜਿੰਨਾ ਚਿਰ ਤੱਕ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਮਿਲ ਜਾਂਦੀਆਂ, ਓਨਾ ਚਿਰ ਸੰਘਰਸ਼ ਜਾਰੀ ਰਹੇਗਾ। ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖਾਂ ਦਾ ਕਤਲੇਆਮ, ਸਿੱਖ ਕੌਮ ਦੇ ਪਾਵਨ ਗੁਰਧਾਮਾਂ ਦੀ ਬੇਅਦਬੀ ਅਤੇ ਸਿੱਖ ਸਾਹਿਤ ਦਾ ਨੁਕਸਾਨ ਕਾਂਗਰਸ ਦੇ ਮੱਥੇ ‘ਤੇ ਲੱਗਾ ਉਹ ਕਲੰਕ ਹੈ ਜਿਸ ਨੂੰ ਸਿੱਖਾਂ ਦੀ ਇਹ ਦੁਸ਼ਮਣ ਜਮਾਤ ਕਦੇ ਵੀ ਧੋ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਕਾਂਗਰਸ ਵੱਲੋਂ ਕੀਤੇ ਗਏ ਸਿੱਖ ਕਤਲੇਆਮ ਦੇ ਗੁਨਾਹ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ।