ਪ੍ਰੋ: ਪਿਆਰਾ ਸਿੰਘ ਪਦਮ ਦੀ ਲਿਖਤਾਂ ‘ਤੇ ਕਰਵਾਇਆ ਜਾਵੇਗਾ ਸੈਮੀਨਾਰ –ਪ੍ਰੋ: ਕਿਰਪਾਲ ਸਿੰਘ ਬਡੂੰਗਰ

ਅੰਮ੍ਰਿਤਸਰ, 6 ਅਕਤੂਬਰ (             )-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸਿੱਧ ਸਿੱਖ ਵਿਦਵਾਨ ਪ੍ਰੋ: ਪਿਆਰਾ ਸਿੰਘ ਪਦਮ ਦੀ ਤਸਵੀਰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਥਾਪਤ ਕੀਤੀ ਗਈ। ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਨਿਭਾਈ। ਇਸ ਤੋਂ ਪਹਿਲਾਂ ਭਾਈ ਕਵਲਦੀਪ ਸਿੰਘ ਦੇ ਰਾਗੀ ਜੱਥੇ ਨੇ ਸੰਗਤਾਂ ਨੂੰ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਇਆ ਅਤੇ ਭਾਈ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ।
ਇਸ ਮੌਕੇ ਸਿੰਘ ਸਾਹਿਬ ਗਿਆਨ ਗੁਰਬਚਨ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਤੋਂ ਹੋਂਦ ਵਿਚ ਆਈ ਹੈ ਉਦੋਂ ਤੋਂ ਹੀ ਗੁਰੂ ਘਰ ਦਾ ਸੁਨੇਹਾ ਦੁਨੀਆਂ ਤਕ ਪਹੁੰਚਾਉਣ ਲਈ ਯਤਨਸ਼ੀਲ ਹੈ। ਇਸੇ ਤਹਿਤ ਸੰਗਤਾਂ ਨੂੰ ਆਪਣੇ ਵਿਰਸੇ ਅਤੇ ਕੌਮੀ ਸ਼ਖਸੀਅਤਾਂ ਦੇ ਜੀਵਨ ਤੇ ਕੌਮ ਦੀ ਪ੍ਰਫੁੱਲਤਾ ਲਈ ਪਾਏ ਯੋਗਦਾਨ ਤੋਂ ਸੰਗਤਾਂ ਨੂੰ ਜਾਣੂੰ ਕਰਾਉਣ ਲਈ ਉਨ੍ਹਾਂ ਦੀਆਂ ਤਸਵੀਰਾਂ ਸਮੇਂ-ਸਮੇਂ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈਆਂ ਜਾਂਦੀਆਂ ਹਨ। ਉਨ੍ਹਾਂ ਪ੍ਰੋ: ਪਿਆਰਾ ਸਿੰਘ ਪਦਮ ਦੀ ਤਸਵੀਰ ਅਜਾਇਬ ਘਰ ਵਿਖੇ ਲਗਾਉਣ ਦੇ ਫੈਸਲੇ ਲਈ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਸ਼ਲਾਘਾ ਕੀਤੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਸਾਹਿਤਕਾਰ ਪ੍ਰੋ: ਪਿਆਰਾ ਸਿੰਘ ਪਦਮ ਦਾ ਜੀਵਨ ਗੁਰਮਤਿ ਨੂੰ ਪ੍ਰਣਾਇਆ ਹੋਇਆ ਸੀ। ਉਨ੍ਹਾਂ ਨੇ ਜਿਥੇ ਗੁਰਮਤਿ ਅਨੁਸਾਰੀ ਸਾਦਾ ਜੀਵਨ ਜੀਵਿਆ ਉਥੇ ਹੀ ਸੰਗਤਾਂ ਨੂੰ ਆਪਣੀਆਂ ਲਿਖਤਾਂ ਰਾਹੀਂ ਗੁਰਮਤਿ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਪ੍ਰੋ: ਪਦਮ ਵੱਲੋਂ ੧੦੦ ਦੇ ਕਰੀਬ ਕਿਤਾਬਾ ਲਿਖੀਆਂ ਗਈਆਂ, ਜਿਸ ਲਈ ਉਨ੍ਹਾਂ ਨੂੰ ਵੱਖ-ਵੱਖ ਐਵਾਰਡ ਪ੍ਰਾਪਤ ਹੋਏ। ਪ੍ਰੋ: ਬਡੂੰਗਰ ਨੇ ਪ੍ਰੋ: ਪਿਆਰਾ ਸਿੰਘ ਪਦਮ ਦੀ ਕੌਮੀ ਦੇਣ ਦੀ ਪ੍ਰਸ਼ੰਸਾ ਕਰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਲਿਖਤਾਂ ‘ਤੇ ਜਲਦ ਹੀ ਇੱਕ ਵਿਸ਼ੇਸ਼ ਸੈਮੀਨਾਰ ਖਾਲਸਾ ਕਾਲਜ, ਪਟਿਆਲਾ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋ: ਪਦਮ ਦੇ ਨਾਮ ‘ਤੇ ਕਿਸੇ ਯੋਗ ਥਾਂ ਪੁਰ ਲਾਇਬ੍ਰੇਰੀ ਸਥਾਪਤ ਕੀਤੀ ਜਾਵੇਗੀ, ਜਿਸ ਵਿਚ ਉਨ੍ਹਾਂ ਦੀਆਂ ਪ੍ਰਵਾਨਿਤ ਲਿਖਤਾਂ ਪਾਠਕਾਂ ਤਕ ਪਹੁੰਚਾਉਣ ਲਈ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਦੌਰਾਨ ਪ੍ਰੋ: ਪਿਆਰਾ ਸਿੰਘ ਪਦਮ ਦੇ ਪਰਿਵਾਰ ਮੈਂਬਰਾਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਸਕੱਤਰ ਡਾ. ਰੂਪ ਸਿੰਘ ਨੇ ਸਟੇਜ ਦੀ ਸੇਵਾ ਨਿਭਾਉਂਦਿਆਂ ਪ੍ਰੋ: ਪਿਆਰਾ ਸਿੰਘ ਪਦਮ ਦੇ ਜੀਵਨ ਅਤੇ ਉਨ੍ਹਾਂ ਦੀ ਦੇਣ ਸਬੰਧੀ ਸੰਖੇਪ ਵਿਚ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਪ੍ਰੋ: ਪਿਆਰਾ ਸਿੰਘ ਪਦਮ ਨੇ ਜਿਥੇ ਸਿੱਖ ਕੌਮ ਦੀ ਟਕਸਾਲ ਵਜੋਂ ਜਾਣੀ ਜਾਂਦੀ ਸੰਸਥਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਵਿਖੇ ਬਤੌਰ ਪ੍ਰੋਫੈਸਰ ਸੇਵਾ ਨਿਭਾਉਂਦਿਆਂ ਅਨੇਕਾਂ ਮਿਸ਼ਨਰੀ ਪ੍ਰਚਾਰਕ ਤਿਆਰ ਕੀਤੇ ਉਥੇ ਹੀ ਸ਼੍ਰੋਮਣੀ ਕਮੇਟੀ ਦੇ ਮਾਸਿਕ ਮੈਗਜ਼ੀਨ ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਵਜੋਂ ਵੀ ਲੰਮਾ ਸਮਾਂ ਸ਼ਲਾਘਾਯੋਗ ਸੇਵਾ ਨਿਭਾਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਮੈਂਬਰ ਭਾਈ ਰਾਮ ਸਿੰਘ, ਭਾਈ ਗੁਰਚਰਨ ਸਿੰਘ ਗਰੇਵਾਲ ਤੇ ਸ. ਸੁਰਜੀਤ ਸਿੰਘ ਭਿੱਟੇਵਡ, ਮੈਂਬਰ ਸ. ਅਜਾਇਬ ਸਿੰਘ ਅਭਿਆਸੀ, ਸਕੱਤਰ ਡਾ. ਰੂਪ ਸਿੰਘ, ਸ. ਅਵਤਾਰ ਸਿੰਘ ਸੈਂਪਲਾ ਤੇ ਸ. ਮਨਜੀਤ ਸਿੰਘ, ਵਧੀਕ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਮਹਿੰਦਰ ਸਿੰਘ ਆਹਲੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਪ੍ਰਤਾਪ ਸਿੰਘ, ਸ. ਬਿਜੈ ਸਿੰਘ ਤੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਸ. ਭਗਵੰਤ ਸਿੰਘ ਧੰਗੇੜਾ ਨਿੱਜੀ ਸਹਾਇਕ, ਸ. ਸਤਨਾਮ ਸਿੰਘ ਸੁਪ੍ਰਿੰਟੈਂਡੈਂਟ, ਐਡੀਸ਼ਨਲ ਮੈਨੇਜਰ ਸ. ਰਾਜਿੰਦਰ ਸਿੰਘ, ਸ. ਇਕਬਾਲ ਸਿੰਘ ਮੁਖੀ, ਸ. ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ, ਪ੍ਰੋ: ਪਿਆਰਾ ਸਿੰਘ ਪਦਮ ਦੇ ਪਰਿਵਾਰਕ ਮੈਂਬਰਾਂ ਵਿਚ ਸ. ਹਰਜੀਤ ਸਿੰਘ, ਸ. ਬਸੰਤ ਸਿੰਘ, ਸ. ਮ੍ਰਿਗਿੰਦ ਸਿੰਘ, ਬੀਬੀ ਜੋਤਿੰਦਰ ਕੌਰ, ਸ. ਰਾਜਨਤੇਜਬੀਰ ਸਿੰਘ ਤੇ ਡਾ. ਜਾਗੀਰ ਸਿੰਘ ਆਦਿ ਹਾਜ਼ਰ ਸਨ।