ਅੰਮ੍ਰਿਤਸਰ, 5 ਅਕਤੂਬਰ : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ੬ ਅਕਤੂਬਰ ਦੀ ਰਾਤ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਜਾ ਰਹੇ ਰਾਗ ਦਰਬਾਰ ਵਿਚ ਹਾਜ਼ਰੀ ਭਰਨ ਲਈ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਰਾਗੀ ਜਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਗਏ ਹਨ। ਅਮਰੀਕਾ ਤੋਂ ਸਿੱਖ ਧਰਮਾਂ ਵੱਲੋਂ ਯੋਗੀ ਹਰਭਜਨ ਸਿੰਘ ਦੇ ਸਪੁੱਤਰ ਭਾਈ ਕੁਲਬੀਰ ਸਿੰਘ ਦੇ ਨਾਲ ਡਾ. ਹਰਜੋਤ ਸਿੰਘ ਕੈਲਗਰੀ, ਬੀਬੀ ਸ਼ਾਂਤੀ ਕੌਰ ਖ਼ਾਲਸਾ ਨਿਊ ਮੈਕਸੀਕੋ, ਭਾਈ ਜਗਤ ਗੁਰੂ ਸਿੰਘ ਖ਼ਾਲਸਾ ਪ੍ਰਿੰਸੀਪਲ ਮੀਰੀ ਪੀਰੀ ਅਕੈਡਮੀ, ਭਾਈ ਸਦਾ ਸਤ ਸਿਮਰਨ ਸਿੰਘ ਅਤੇ ਭਾਈ ਗੁਰਪ੍ਰਕਾਸ਼ ਸਿੰਘ ਖ਼ਾਲਸਾ ਤੋਂ ਇਲਾਵਾ ਆਸਟ੍ਰੇਲੀਆ ਤੋਂ ਭਾਈ ਗੁਰਦੇਵ ਸਿੰਘ ਆਪਣੇ ਜਥੇ ਸਮੇਤ ਗੁਰੂ ਨਗਰੀ ਪਹੁੰਚੇ, ਜਿਨ੍ਹਾਂ ਦਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਵੱਲੋਂ ਸਵਾਗਤ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਵਿਸ਼ੇਸ਼ ਰਾਗ ਦਰਬਾਰ ਸਜਾਇਆ ਜਾਂਦਾ ਹੈ, ਜਿਸ ਵਿਚ ਦੇਸ਼-ਵਿਦੇਸ਼ ਤੋਂ ਪੁੱਜੇ ਰਾਗੀ ਜਥੇ ਰਾਗਾਂ ਦੇ ਅਧਾਰ ‘ਤੇ ਗੁਰਬਾਣੀ ਕੀਰਤਨ ਕਰਦੇ ਹਨ। ਇਹ ਵੀ ਦੱਸਣਯੋਗ ਹੈ ਕਿ ਸਿੱਖ ਧਰਮਾਂ ਯੂ.ਐਸ.ਏ. ਵੱਲੋਂ ਪਹੁੰਚੇ ਸਿੰਘਾਂ ਵੱਲੋਂ ਨਗਰ ਕੀਰਤਨ ਸਮੇਂ ਵੀ ਗੱਤਕੇ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਨ੍ਹਾਂ ਜਥਿਆਂ ਦਾ ਸਵਾਗਤ ਕਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਦੇ ਨਾਲ ਸਕੱਤਰ ਸ. ਅਵਤਾਰ ਸਿੰਘ ਸੈਂਪਲਾ ਤੇ ਸ. ਮਨਜੀਤ ਸਿੰਘ, ਸ. ਸੁਲੱਖਣ ਸਿੰਘ ਭੰਗਾਲੀ ਮੈਨੇਜਰ ਆਦਿ ਮੌਜੂਦ ਸਨ।