dpc_6791-copy‘ਸਿੱਖ ਰਤਨ’ ਭਾਈ ਗੁਰਮੇਜ ਸਿੰਘ ਵੱਲੋਂ ਕੀਤੇ ਗਏ ਕਾਰਜ ਸ਼ਲਾਘਾਯੋਗ  : ਪ੍ਰੋ: ਕਿਰਪਾਲ ਸਿੰਘ ਬਡੂੰਗਰ

ਅੰਮ੍ਰਿਤਸਰ 6 ਜਨਵਰੀ (        )  ਸ੍ਰ: ਈਸ਼ਵਰ ਸਿੰਘ ਨੇ ‘ਸਿੱਖ ਰਤਨ’ ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਵੱਲੋਂ ਪ੍ਰੋ: ਕਿਰਪਾਲ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਰੇਲ ਲਿਪੀ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਤਿੰਨ ਭਾਗ ਤੇ ਸ੍ਰੀ ਸੁਖਮਨੀ ਸਾਹਿਬ ਦੀ ਪੋਥੀ ਭੇਟ ਕੀਤੀ।
ਗੱਲਬਾਤ ਦੌਰਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਭਾਈ ਸਾਹਿਬ ਵੱਲੋਂ ਬਰੇਲ ਲਿਪੀ ਵਿੱਚ ਲਿਪੀਅੰਤਰਣ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਹੀ ਜਾਣ ਵਾਲੀ ਭਾਈ ਗੁਰਦਾਸ ਜੀ ਦੀ ਬਾਣੀ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਸੂਰਮਾ ਸਿੰਘ (ਅੱਖਾਂ ਤੋਂ ਵਿਹੂਣੇ ਲੋਕ) ਭਰਪੂਰ ਜਾਣਕਾਰੀ ਲੈ ਸਕਣਗੇ।ਉਨ੍ਹਾਂ ਕਿਹਾ ਕਿ ਭਾਈ ਗੁਰਮੇਜ ਸਿੰਘ ਨੇ ਇਸ ਤੋਂ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਸਰੂਪ ਬਰੇਲ ਲਿਪੀ ਵਿੱਚ ਲਿਪੀਅੰਤਰਣ ਕੀਤਾ ਹੈ।ਉਨ੍ਹਾਂ ਕਿਹਾ ਕਿ ਭਾਈ ਸਾਹਿਬ ਵੱਲੋਂ ਬਰੇਲ ਲਿਪੀਅੰਤਰਣ ਕੀਤੇ ਗਏ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਤਿੰਨੇ ਭਾਗ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ੧੩ ਨੰਬਰ ਕਮਰੇ ਵਿੱਚ  ਸੁਸ਼ੋਭਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਾਮ ਬਾਣੀ ਦੇ ਰਸੀਏ ਭਾਈ ਗੁਰਮੇਜ ਸਿੰਘ ਨੇ ਜਿਸ ਤਰ੍ਹਾਂ ਗੁਰਮਤਿ ਸੰਗੀਤ ਰਹਿਣੀ, ਨਵੇਕਲੀ ਸ਼ੈਲੀ ਅਤੇ ਸ੍ਰੀ ਦਰਬਾਰ ਸਾਹਿਬ ਪ੍ਰਤੀ ਅਟੁੱਟ ਸ਼ਰਧਾ ਨਾਲ ਕੀਰਤਨ ਕਰਦਿਆਂ ਆਪਣੀ ਵੱਖਰੀ ਪਹਿਚਾਣ ਬਣਾਈ ਉਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਬਰੇਲ ਲਿਪੀ ਵਿੱਚ ਲਿਪੀਅੰਤਰਣ ਕਰਕੇ ਅੱਖਾਂ ਤੋਂ ਵਿਹੂਣੇ ਲੋਕਾਂ ਲਈ ਚਾਨਣ ਮਨਾਰੇ ਦਾ ਕੰਮ ਕੀਤਾ ਹੈ।ਉਨ੍ਹਾਂ ਕਿਹਾ ਕਿ ਭਾਈ ਸਾਹਿਬ ਦੀ ਨਿਵੇਕਲੀ ਪ੍ਰਤਿਭਾ ਨੂੰ ਮੁੱਖ ਰੱਖਦਿਆਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ‘ਸਿੱਖ ਰਤਨ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਡਾ: ਰੂਪ ਸਿੰਘ ਸਕੱਤਰ, ਸ: ਹਰਭਜਨ ਸਿੰਘ ਮਨਾਵਾਂ ਅਤੇ ਡਾ: ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ੍ਰ: ਸਕੱਤਰ ਸਿੰਘ ਮੀਤ ਸਕੱਤਰ, ਸ. ਜਤਿੰਦਰ ਸਿੰਘ ਲਾਲੀ ਫੋਟੋਗ੍ਰਾਫਰ ਅਤੇ ਸਿੱਖ ਸੰਗਤਾਂ ਹਾਜ਼ਰ ਸਨ।