dpc_6612-copy-1ਲੱਖਾਂ ਦੀ ਤਾਦਾਦ ਵਿੱਚ ਦੇਸ਼-ਵਿਦੇਸ਼ ਤੋਂ ਸੰਗਤਾਂ ਹੋਈਆਂ ਨਤਮਸਤਿਕ

ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਤੇ ਪ੍ਰਸ਼ਾਸਨ ਦੀ ਕੀਤੀ ਸ਼ਲਾਘਾ

ਸਮਾਗਮ ਵਿਚ ਸੇਵਾ ਕਰ ਰਹੇ ਸੰਤਾਂ-ਮਹਾਂ ਪੁਰਸ਼ਾਂ, ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ, ਉਦਾਸੀਏ, ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਪ੍ਰਮੁੱਖ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ

ਅੰਮ੍ਰਿਤਸਰ : 5 ਜਨਵਰੀ (        ) ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਵਿਸ਼ੇਸ਼ ਪੰਡਾਲ ਅਤੇ ਸ੍ਰੀ ਪਟਨਾ ਸਾਹਿਬ ਦੇ ਗਾਂਧੀ ਮੈਦਾਨ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਆਪਣੇ ਆਖਰੀ ਦਿਨ ਪੂਰੀ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਏ। ਲੱਖਾਂ ਦੀ ਤਾਦਾਦ ਵਿੱਚ ਦੇਸ਼-ਵਿਦੇਸ਼ ਤੋਂ ਸੰਗਤਾਂ ਨਤਮਸਤਿਕ ਹੋਈਆਂ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਨਿਤੀਸ਼ ਕੁਮਾਰ ਮੁੱਖ ਮੰਤਰੀ ਬਿਹਾਰ ਸਰਕਾਰ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਗਏ ਗੁਰਮਤਿ ਸਮਾਗਮਾਂ ਵਿੱਚ ਸੰਤ ਸਮਾਜ, ਸੰਪ੍ਰਦਾਵਾਂ, ਟਕਸਾਲਾਂ, ਸੰਤਾਂ ਮਹਾਂਪੁਰਸ਼ਾਂ, ਨਿਹੰਗ ਸਿੰਘ ਜਥੇਬੰਦੀਆਂ, ਸਿੰਘ ਸਭਾਵਾਂ, ਉਦਾਸੀਨ ਅਤੇ ਨਿਰਮਲੇ ਸੰਪ੍ਰਦਾਵਾਂ ਅਤੇ ਸਰਬ ਧਰਮ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਨੇ ਹਾਜ਼ਰੀਆਂ ਭਰ ਕੇ ਆਪਣਾ-ਆਪਣਾ ਵਡਮੁੱਲਾ ਯੋਗਦਾਨ ਪਾਇਆ। ਸ੍ਰੀ ਪਟਨਾ ਸਾਹਿਬ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਜਗ-ਮਗਾ ਉੱਠਿਆ ਤੇ ਸਵਰਗ ਜਿਹੇ ਨਜ਼ਾਰੇ ਦੇ ਅਨੰਦ ਦਾ ਅਨੁਭਵ ਹੁੰਦਾ ਜਾਪਿਆ। ਸ੍ਰੀ ਪਟਨਾ ਸਾਹਿਬ ਦੇ ਨਿਵਾਸੀਆਂ ਤੇ ਦੁਰ-ਦੁਰਾਡੇ ਤੋਂ ਆਈਆਂ ਸੰਗਤਾਂ ਤੇ ਕਲਗੀਧਰ ਦਸਮੇਸ਼ ਪਿਤਾ ਦੀਆਂ ਰਹਿਮਤ ਦੀਆਂ ਬਖਸ਼ਿਸ਼ਾਂ ਦੀ ਵਰਖਾ ਹੋਈ ਤੇ ਹਰ ਧਰਮ ਦੇ ਲੋਕ ਦਸਮ ਪਿਤਾ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰ ਕੇ ਗਏ। ਸਭ ਨੇ ਸ਼ਰਧਾ-ਭਾਵਨਾ ਤੇ ਸਤਿਕਾਰ ਸਹਿਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਇਸ ਨਾਲ ਲਗਦੇ ਗੁਰੂ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ-ਦੀਦਾਰੇ ਕੀਤੇ।
ਅੱਜ ਅੰਮ੍ਰਿਤ ਵੇਲੇ ਤੋਂ ਹੀ ਸ੍ਰੀ ਪਟਨਾ ਸਾਹਿਬ ਦੇ ਗਾਂਧੀ ਮੈਦਾਨ ਵਿਖੇ ਰੱਖੇ ਗਏ ਗੁਰਮਤਿ ਸਮਾਗਮਾਂ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਵਿਸ਼ੇਸ਼ ਪੰਡਾਲ ਵਿਖੇ ਰੱਖੇ ਗਏ ਗੁਰਮਤਿ ਸਮਾਗਮਾਂ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੀਆਂ ਸ਼ਹਿਬਰਾਂ ਲਗਾਈਆਂ ਗਈਆਂ। ਸਾਰੀ ਕਾਇਨਾਤ ਵਿੱਚ ਦਸਮੇਸ਼ ਪਿਤਾ ਦੀ ਬਾਣੀ ਦੀ ਮਧੁਰ ਧੁਨ ਗੂੰਜਣ ਲੱਗੀ। ਪੰਥ ਪ੍ਰਸਿੱਧ ਕਥਾ ਵਾਚਕਾਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਦਸਮ ਪਿਤਾ ਦੇ ਜੀਵਨ ਬ੍ਰਿਤਾਂਤ ਦੇ ਵੱਖ-ਵੱਖ ਪਹਿਲੂਆਂ ਤੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਵਾਰਾਂ ਗਾਇਣ ਕਰਕੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਮਹਾਨ ਕੁਰਬਾਨੀਆਂ ਦਾ ਅਹਿਸਾਸ ਕਰਵਾਇਆ। ਕਵੀ ਦਰਬਾਰ ਵਿੱਚ ਮੰਨੇ ਪ੍ਰਮੰਨੇ ਨਾਮਵਰ ਸ਼ਾਇਰਾਂ ਨੇ ਹਿੱਸਾ ਲੈ ਕੇ ਸਰਬੰਸਦਾਨੀ, ਮਰਦ ਅਗੰਮੜੇ, ਸਾਹਿਬ-ਏ-ਕਮਾਲ, ਮਹਾਨ ਸਾਹਿਤਕਾਰ, ੫੨ ਕਵੀਆਂ ਦੀ ਅਗਵਾਈ ਕਰਨ ਵਾਲੇ ਮਹਾਨ ਸ਼ਾਇਰ, ਕ੍ਰਾਂਤੀਕਾਰੀ, ਇਨਕਲਾਬੀ, ਸੂਰਮੇ, ਨੀਲੇ ਦੇ ਸ਼ਾਹ ਅਸਵਾਰ, ਚਿੱਟਿਆਂ ਬਾਜਾਂ ਵਾਲੇ, ਅੰਮ੍ਰਿਤ ਕੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਅਤੇ ਦਿਲ ਕੰਬਾ ਦੇਣ ਵਾਲੀਆਂ ਘਟਨਾਵਾਂ ਨੂੰ ਬੜੀ ਬਾਖੂਬੀ ਨਾਲ  ਆਪਣੀ ਕਲਮ ਦੀ ਜਾਦੂਗਰੀ ਵਿਚ ਪਰੋ ਕੇ ਸੰਗਤਾਂ ਦੇ ਰੂਬਰੂ ਪੇਸ਼ ਕੀਤਾ ਤੇ ਅੱਖੀਆਂ ‘ਚੋਂ ਨੀਰ ਵਹਾ ਦਿੱਤੇ।
ਸਮਾਗਮ ਦੇ ਅਖੀਰ ਵਿੱਚ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਗਮ ਵਿੱਚ ਹਾਜ਼ਰ ਤੇ ਸੇਵਾ ਨਿਭਾ ਰਹੇ ਸੰਤ ਸਮਾਜ, ਸੰਪ੍ਰਦਾਵਾਂ, ਟਕਸਾਲਾਂ, ਸੰਤ ਮਹਾਂਪੁਰਸ਼, ਨਿਹੰਗ ਸਿੰਘ ਜਥੇਬੰਦੀਆਂ, ਸਿੰਘ ਸਭਾਵਾਂ, ਉਦਾਸੀਨ ਅਤੇ ਨਿਰਮਲੇ ਸੰਪ੍ਰਦਾਵਾਂ ਅਤੇ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਭਾਰਤ ਦੇ ਇਲਾਵਾ ਚਾਈਨਾ, ਯੂ ਕੇ, ਰਸ਼ੀਆ, ਅਮਰੀਕਾ, ਇੰਗਲੈਂਡ ਅਤੇ ਹੋਰ ਦੇਸ਼ਾਂ ਤੋਂ ਦਰਸ਼ਨ ਕਰਨ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਹਿੰਦੂ, ਮੁਸਲਿਮ, ਜੈਨ, ਪਾਰਸੀ, ਬੋਧੀ, ਕ੍ਰਿਸ਼ਚਨ ਧਰਮ ਦੇ ਧਾਰਮਿਕ ਮੁਖੀ ਜਿਨ੍ਹਾਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਸਰਕਾਰ, ਸ੍ਰੀ ਰਾਜਨਾਥ ਸਿੰਘ ਗ੍ਰਹਿ ਮੰਤਰੀ, ਸ੍ਰੀ ਅਰੁਣ ਜੇਤਲੀ ਜੀ ਵਿਤ ਮੰਤਰੀ ਭਾਰਤ ਸਰਕਾਰ, ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ੍ਰ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬੀਬਾ ਹਰਿਸਿਮਰਤ ਕੌਰ ਬਾਦਲ ਫੂਡ ਪ੍ਰੋਸੈਸਿੰਗ ਮੰਤਰੀ, ਸ੍ਰੀ ਨਿਤੀਸ਼ ਕੁਮਾਰ ਜੀ ਮੁੱਖ ਮੰਤਰੀ ਬਿਹਾਰ ਸਰਕਾਰ ਤੇ ਪ੍ਰਸ਼ਾਸਨ, ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ,  ਰੈਡ ਕਰਾਸ ਅਤੇ ਮੈਡੀਕਲ ਸੁਸਾਇਟੀਆਂ, ਜੋੜਾ ਘਰ ਸੁਸਾਇਟੀਆਂ  ਅਤੇ ਸਰਬ ਧਰਮ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਜਥੇਦਾਰ ਅਵਤਾਰ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮਮਦਰ ਸਾਹਿਬ ਦੇ ਸਮੁੱਚੇ ਸਟਾਫ਼ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।