ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਕੇ ਜਥਾ ੨੧ ਨਵੰਬਰ ਨੂੰ ਵਾਪਸ ਦੇਸ਼ ਪਰਤੇਗਾ  

12
 ਅੰਮ੍ਰਿਤਸਰ ੧੨ ਨਵੰਬਰ (        ) – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ੧੪ ਨਵੰਬਰ ਨੂੰ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਉਣ ਲਈ ੧੨੪੯ ਸਿੱਖ ਸ਼ਰਧਾਲੂਆ ਦਾ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇ ਦੇ ਮੁਖੀ ਸ. ਮੰਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼੍ਰੋਮਣੀ ਕਮੇਟੀ ਤੇ ਡਿਪਟੀ ਪਾਰਟੀ ਲੀਡਰ ਸ. ਸਰਵਨ ਸਿੰਘ ਕੁਲਾਰ ਕਪੂਰਥਲਾ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਰਵਾਨਾ ਹੋਇਆ।ਜਥੇ ਦੇ ਜਨਰਲ ਪ੍ਰਬੰਧਕ ਵਜੋਂ ਸ. ਵਰਿੰਦਰ ਸਿੰਘ ਸੁਪਰਵਾਈਜ਼ਰ ਧਰਮ ਪ੍ਰਚਾਰ ਕਮੇਟੀ ਗਏ ਹਨ।ਜਥੇ ਦੇ ਮੁਖੀ ਤੇ ਡਿਪਟੀ ਪਾਰਟੀ ਲੀਡਰ ਨੂੰ ਦਫਤਰ ਸ਼੍ਰੋਮਣੀ ਕਮੇਟੀ ਤੋਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ. ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਨੇ ਸਿਰੋਪਾਓ ਅਤੇ ਫੁੱਲਾਂ ਦੇ ਸਿਹਰੇ ਪਾ ਕੇ ਜੈਕਾਰਿਆਂ ਦੀ ਗੂੰਜ ‘ਚ ਰਵਾਨਾ ਕੀਤਾ।
ਜਥਾ ਰਵਾਨਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਜਥੇ ਦੇ ਕੁੱਲ ੧੩੫੫ ਯਾਤਰੂਆਂ ਦੀ ਸੂਚੀ ਕੇਂਦਰ ਅਤੇ ਪਾਕਿਸਤਾਨ ਸਫਾਰਤਖਾਨੇ ਨੂੰ ਵੀਜ਼ੇ ਜਾਰੀ ਕਰਨ ਲਈ ਭੇਜੀ ਗਈ ਸੀ ਜਿਸ ਵਿੱਚੋਂ ੧੦੬ ਯਾਤਰੂਆਂ ਦੇ ਨਾਮ ਕੇਂਦਰ ਸਰਕਾਰ ਅਤੇ ਪਾਕਿਸਤਾਨ ਸਫਾਰਤਖਾਨੇ ਵੱਲੋਂ ਬਿਨਾਂ ਕਾਰਨ ਦੱਸੇ ਕੱਟ ਦਿੱਤੇ ਗਏ ਹਨ।ਸ਼ਰਧਾਲੂਆਂ ਦੇ ਕੱਟੇ ਗਏ ਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਨਾਮ ਕੱਟਣ ਦੀ ਬਜਾਏ ਭਾਰਤ ਸਰਕਾਰ ਅਤੇ ਪਾਕਿਸਤਾਨ ਦੇ ਸਫਾਰਤਖਾਨੇ ਨੂੰ ਸਿਸਟਮ ਠੀਕ ਕਰਨ ਦੀ ਜ਼ਰੂਰਤ ਹੈ।ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਤੇ ਉਹਨਾਂ ਦਾ ਪ੍ਰਕਾਸ਼ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ‘ਚ ਹੋਣ ਕਰਕੇ ਸਿੱਖਾਂ ਦੀ ਭਾਵਨਾ ਸ੍ਰੀ ਨਨਕਾਣਾ ਸਾਹਿਬ ਨਾਲ ਜੁੜੀ ਹੋਈ ਹੈ ਤੇ ਜਦੋਂ ਕਿਸੇ ਯਾਤਰੂ ਦਾ ਨਾਮ ਬਿਨਾਂ ਵਜ੍ਹਾ ਕੱਟਿਆ ਜਾਂਦਾ ਹੈ ਤਾਂ ਉਸ ਦੇ ਮਨ ਨੂੰ ਭਾਰੀ ਠੇਸ ਪੁੱਜਦੀ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨਾਲ ਸਿੱਖਾਂ ਵੱਲੋਂ ਬਹੁਤ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਕਰਤਾਰਪੁਰ ਲਾਂਘੇ ਦੀ ਮੰਗ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ।
ਉਨ੍ਹਾਂ ਜਥੇ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜਥਾ ਅੱਜ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜਾਵੇਗਾ ਜਿਥੋਂ ੧੩ ਨਵੰਬਰ ਨੂੰ ਗੁਰਦੁਆਰਾ ਸ੍ਰੀ ਸੱਚਾ ਸੌਦਾ, ਮੰਡੀ ਚੂਹੜਕਾਨਾ (ਸ਼ੇਖਪੂਰਾ) ਤੋਂ ਦਰਸ਼ਨ ਦੀਦਾਰੇ ਕਰਕੇ ਸ਼ਾਮ ਨੂੰ ਫੇਰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਵਾਪਸ ਪਰਤੇਗਾ।ਉਨ੍ਹਾਂ ਕਿਹਾ ਕਿ ੧੪ ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ੧੫ ਨਵੰਬਰ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਜਥੇ ਦੀ ਰਵਾਨਗੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲਈ ਹੋਵੇਗੀ ਤੇ ੧੬ ਨੂੰ ਉਕਤ ਸਥਾਨ ਤੋਂ ਰਾਤ ਦਾ ਵਿਸਰਾਮ ਕਰਨ ਉਪਰੰਤ ਇਹ ਜਥਾ ੧੭ ਨਵੰਬਰ ਸ਼ਾਮ ਨੂੰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਲਈ ਰਵਾਨਾ ਹੋਵੇਗਾ।੧੮ ਨਵੰਬਰ ਨੂੰ ਉਕਤ ਸਥਾਨ ਤੋਂ ਰਾਤ ਦਾ ਵਿਸਰਾਮ ਕਰਨ ਉਪਰੰਤ ਇਹ ਜਥਾ ੧੯ ਨਵੰਬਰ ਨੂੰ ਗੁਰਦੁਆਰਾ ਸ੍ਰੀ ਰੋੜੀ ਸਾਹਿਬ (ਐਮਨਾਬਾਦ), ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਾਪਸ ਪਹੁੰਚੇਗਾ ਜੋ ੨੦ ਨਵੰਬਰ ਨੂੰ ਉਕਤ ਸਥਾਨ ਪੁਰ ਰਹਿਣ ਉਪਰੰਤ ੨੧ ਨਵੰਬਰ ਨੂੰ ਦੇਸ਼ ਵਾਪਸ ਪਰਤੇਗਾ।
ਇਸ ਮੌਕੇ ਭਾਈ ਰਾਮ ਸਿੰਘ, ਭਾਈ ਗੁਰਚਰਨ ਸਿੰਘ ਗਰੇਵਾਲ ਤੇ ਸ. ਗੁਰਮੇਲ ਸਿੰਘ ਸੰਗਤਪੁਰਾ ਅੰਤ੍ਰਿੰਗ ਕਮੇਟੀ ਮੈਂਬਰ, ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਸੁਖਦੇਵ ਸਿੰਘ ਭੂਰਾਕੋਹਨਾ, ਡਾ. ਪਰਮਜੀਤ ਸਿੰਘ ਸਰੋਆ, ਸ. ਹਰਭਜਨ ਸਿੰਘ ਮਨਾਵਾਂ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਰਣਜੀਤ ਸਿੰਘ, ਸ. ਮਹਿੰਦਰ ਸਿੰਘ ਆਹਲੀ, ਸ. ਬਿਜੈ ਸਿੰਘ ਤੇ ਸ. ਪ੍ਰਤਾਪ ਸਿੰਘ ਵਧੀਕ ਸਕੱਤਰ, ਸ. ਸਕੱਤਰ ਸਿੰਘ, ਸ. ਜਗਜੀਤ ਸਿੰਘ, ਸ. ਮਹਿੰਦਰ ਸਿੰਘ, ਸ. ਬਲਵਿੰਦਰ ਸਿੰਘ, ਸ. ਤਰਵਿੰਦਰ ਸਿੰਘ, ਸ. ਹਰਿੰਦਰਪਾਲ ਸਿੰਘ ਤੇ ਸ. ਕੁਲਵਿੰਦਰ ਸਿੰਘ ‘ਰਮਦਾਸ’ ਮੀਤ ਸਕੱਤਰ, ਸ. ਗੁਰਨਾਮ ਸਿੰਘ ਸੁਪ੍ਰਿੰਟੈਂਡੈਂਟ, ਸ. ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ. ਹਰਜਿੰਦਰ ਸਿੰਘ ਤੇ ਸ. ਸੁਖਰਾਜ ਸਿੰਘ ਵਧੀਕ ਮੈਨੇਜਰ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਬਲਕਾਰ ਸਿੰਘ ਜੌੜਾ, ਸ. ਜਸਵਿੰਦਰ ਸਿੰਘ ਦੀਪ, ਸ. ਗੁਰਮੀਤ ਸਿੰਘ, ਸ. ਲਖਵਿੰਦਰ ਸਿੰਘ ਬਦੋਵਾਲ ਤੇ ਸ. ਕਰਮਬੀਰ ਸਿੰਘ ਇੰਚਾਰਜ ਅਤੇ ਸ਼੍ਰੋਮਣੀ ਕਮੇਟੀ ਕਰਮਚਾਰੀ ਵੀ ਹਾਜ਼ਰ ਸਨ।