ਮੈਨੂੰ ਮਿਲਣ ਲੱਗਿਆਂ ਹਰ ਵਿਅਕਤੀ ਗੁਰੂ ਦੀ ਫਤਹਿ ਹੀ ਸਾਂਝੀ ਕਰੇ

untitled-1lllllllllll-copyਅੰਮ੍ਰਿਤਸਰ ੧੧ ਨਵੰਬਰ (             ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਪ੍ਰੋ: ਬਡੂੰਗਰ ਨੇ ਸਾਰੇ ਸਮੂਹ ਸਟਾਫ ਨੂੰ ਗੁਰੂ-ਘਰ ਦੀ ਸੇਵਾ ਬਿਹਤਰ ਢੰਗ ਤੇ ਸ਼ਰਧਾ ਨਾਲ ਨਿਭਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਅਕਾਲ ਪੁਰਖ ਵੱਲੋਂ ਗੁਰੂ ਘਰਾਂ ਦੀ ਸਾਂਭ-ਸੰਭਾਲ ਦੀ ਸੇਵਾ ਬਖਸ਼ਿਸ਼ ਹੋਣਾ, ਵੱਡੇ ਭਾਗ ਸਮਝਣੇ ਚਾਹੀਦੇ ਹਨ। ਇਮਾਨਦਾਰੀ ਮਨੁੱਖ ਨੂੰ ਸਚਿਆਰ, ਧਰਮ ਕਰਮ ਲਈ ਉਤਸ਼ਾਹਿਤ ਕਰਦੀ ਹੈ। ਇਮਾਨਦਾਰ ਮਨੁੱਖ ਨਿਰਭੈ ਤੇ ਗੁਰੂ ਹੁਕਮ ਅੰਦਰ ਰਹਿੰਦਾ ਹੈ। ਹਰੇਕ ਨੂੰ ਆਪਣਾ ਕਾਰਜ ਸਾਫਗੋਈ ਤੇ ਸ਼ਰਧਾ ਭਾਵਨਾ, ਇਮਾਨਦਾਰੀ ਨਾਲ ਗੁਰੂ ਘਰ ਨੂੰ ਸਮਰਪਿਤ ਹੋ ਕੇ ਕਰਨਾ ਚਾਹੀਦਾ ਹੈ।
dpc_4845llllllllllllllllllllllll-copyਉਨ੍ਹਾਂ ਸਪੱਸ਼ਟ ਤੌਰ ‘ਤੇ ਹਰੇਕ ਕਰਮਚਾਰੀ ਨੂੰ ਆਪਣੀ ਡਿਊਟੀ ਲਈ ਤਤਪਰ ਰਹਿ ਕੇ ਨਿਭਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਢਿੱਲਮਠ, ਲਾਪ੍ਰਵਾਹੀ ਤੇ ਬੇਈਮਾਨੀ ਬਰਦਾਸ਼ਤ ਨਹੀਂ ਹੋਵੇਗੀ। ਹਰੇਕ ਕਰਮਚਾਰੀ ਦਰਜਾ-ਬ-ਦਰਜਾ ਆਪਣੇ ਅਧਿਕਾਰੀਆਂ ਦਾ ਸਤਿਕਾਰ ਕਾਇਮ ਰੱਖੇ। ਸੰਗਤ ਨਾਲ ਸੇਵਾਦਾਰ ਪੂਰਨ ਸਤਿਕਾਰ ਨਾਲ ਵਿਵਹਾਰ ਕਰਨ। ਪ੍ਰੋ:ਬਡੂੰਗਰ ਨੇ ਕਿਹਾ ਕਿ ਗੁਰੂ ਘਰ ਦੇ ਕਾਰਜ ਨੂੰ ਸ਼੍ਰੋਮਣੀ ਕਮੇਟੀ ਦੇ ਸਮੂਹ ਕਰਮਚਾਰੀ-ਪਰਿਵਾਰ ਨੇ ਰਲ-ਮਿਲ ਕੇ ਸਤਿਕਾਰ ਸਹਿਤ ਕਰਨਾ ਹੈ। ਕੋਈ ਤੇਰ-ਮੇਰ ਤੇ ਊਚ-ਨੀਚ ਨਹੀਂ ਹੋਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਬਹੁਤ ਵੱਡੇ ਸ਼ੰਘਰਸ਼ ਤੋਂ ਬਾਅਦ ਇਹ ਸੰਸਥਾ ਹੋਂਦ ਵਿਚ ਆਈ। ਜਿਸ ਲਈ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ। ਇਸ ਦੇ ਪ੍ਰਧਾਨ ਵੱਡੇ ਜਰਨੈਲ ਤੇ ਜੋਧੇ ਹੋਏ ਹਨ, ਜਿਨ੍ਹਾਂ ਨੇ ਕੌਮ ਲਈ ਫਖਰਯੋਗ ਕਾਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਦਾ ਵੀ ਕੋਈ ਮੈਂਬਰ ਸ਼੍ਰੋਮਣੀ ਕਮੇਟੀ ਦੇ ਕਾਰ ਵਿਹਾਰ ਵਿਚ ਦਖ਼ਲ ਨਹੀਂ ਦੇਵੇਗਾ। ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਆਦੇਸ਼ ਦਿੱਤਾ ਹੈ ਕਿ ਕੋਈ ਵੀ ਮੁਲਾਜ਼ਮ ਮੇਰੇ ਗੋਡੇ ਜਾਂ ਪੈਰੀਂ ਹੱਥ ਨਾ ਲਾਵੇ ਸਗੋਂ ਗੁਰੂ ਜੀ ਵੱਲੋਂ ਬਖਸ਼ੀ ਫਤਹਿ “ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ॥ ਬੁਲਾਵੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੀ ਮੇਰਾ ਪਰਿਵਾਰ ਹਨ। ਮੈਂ ਇਨ੍ਹਾਂ ਦੇ ਹਰ ਦੁੱਖ-ਸੁੱਖ ਵਿਚ ਸ਼ਾਮਲ ਹੋਵਾਂਗਾ। ਉਨ੍ਹਾਂ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਮੈਂਬਰ ਸਾਹਿਬਾਨ, ਉੱਚ-ਅਧਿਕਾਰੀਆਂ ਦਾ ਸਤਿਕਾਰ ਲਾਜ਼ਮੀ ਹੈ। ਵਿਰੋਧੀ ਧਿਰ ਦੇ ਮੈਂਬਰ ਸਾਹਿਬਾਨ ਨੂੰ ਵੀ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ ਜਟਿਲ ਕਿਸਮ ਦੀਆਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ, ਜਿਨਾਂ ਦਾ ਟਾਕਰਾ ਸਭ ਨੇ ਰਲ-ਮਿਲ ਕੇ ਕਰਨਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨਾਲ ਵੀ ਕੋਈ ਬਦਲਾ-ਲਊ ਭਾਵਨਾ ਨਾਲ ਕਾਰਵਾਈ ਨਹੀਂ ਹੋਵੇਗੀ। ਯਤਨ ਕਰਾਂਗੇ ਕਿ ਗੁਰੂ ਸਾਹਿਬ ਵੇਲੇ ਦੀ ਪ੍ਰਵਾਨਿਤ ਗੁਰ-ਮਰਯਾਦਾ ਕਾਇਮ ਕਰ ਸਕੀਏ। ਉਨ੍ਹਾਂ ਕਿਹਾ ਕਿ ਜਥੇ. ਅਵਤਾਰ ਸਿੰਘ ਨੇ ੧੧ ਸਾਲ ਇਸ ਸੰਸਥਾ ਦੀ ਸੇਵਾ ਕੀਤੀ ਹੈ। ਉਨ੍ਹਾਂ ਬਹੁਤ ਵੱਡੇ ਕਾਰਜ ਕੀਤੇ ਹਨ ਤੇ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।
ਇਸ ਮੌਕੇ ਨਵਨਿਯੁਕਤ ਹੋਏ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੁੱਚੀ ਕਾਰਜਕਾਰਨੀ ਅਤੇ ਸਾਰੇ ਅਧਿਕਾਰੀ ਗੁਰੂ ਦੀ ਭੈਅ ਭਾਵਨੀ ਤੇ ਪ੍ਰੋ:ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਇਮਾਨਦਾਰੀ ਨਾਲ ਸੇਵਾ ਨਿਭਾਉਣ। ਸਾਨੂੰ ਸਭ ਦੇ ਸਹਿਯੋਗ ਦੀ ਲੋੜ ਹੈ। ਆਉ! ਰਲ-ਮਿਲ ਕੇ ਪੰਥ ਨੂੰ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਲਈ ਹੰਭਲਾ ਮਾਰੀਏ। ਇਸ ਮੌਕੇ ਸ. ਹਰਚਰਨ ਸਿੰਘ ਮੁੱਖ ਸਕੱਤਰ ਸਮੇਤ ਸਾਰੇ ਸਕੱਤਰ ਸਾਹਿਬਾਨ, ਅਧਿਕਾਰੀ ਤੇ ਸਟਾਫ ਹਾਜ਼ਰ ਸੀ।