ਅੰਮ੍ਰਿਤਸਰ 5 ਅਕਤੂਬਰ (         ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਸ਼ਹਿਰ ਵਿੱਚ ਰਹਿ ਰਹੇ ਪੰਜਾਬੀਆਂ ਦੇ ਘਰਾਂ ਵਿੱਚ ਜਥੇਬੰਦੀ ਕੂ ਕਲੱਕਸ ਕਲਾਨ ਵੱਲੋਂ ਨਸਲੀ ਇਸ਼ਤਿਹਾਰ ਸੁੱਟਣ ਨੂੰ ਅਤਿ ਘਿਨਾਉਣੀ ਕਾਰਵਾਈ ਦੱਸਿਆ ਹੈ।
ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਵਾਰ-ਵਾਰ ਅਜਿਹੀਆਂ ਕਾਰਵਾਈਆਂ ਸਿੱਖਾਂ ਦਾ ਅਕਸ ਖ਼ਰਾਬ ਕਰਨ ਦੇ ਉਦੇਸ਼ ਹੇਠ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਇਸ਼ਤਿਹਾਰ ਵਿੱਚ ‘ਸਾਨੂੰ ਗੋਰੇ ਹੋਣ ਤੇ ਮਾਣ ਹੈ’ ਦੀ ਗੱਲ ਕਰਨ ਵਾਲੇ ਦੋਸ਼ੀਆਂ ਦੇ ਫਿਰਕੂ ਮਕਸਦ ਨਸ਼ਰ ਹੋ ਗਏ ਹਨ।ਉਨ੍ਹਾਂ ਕਿਹਾ ਕਿ ਸਿੱਖਾਂ ਖਿਲਾਫ ਭਰਮ-ਭੁਲੇਖੇ ਅਜੇ ਵੀ ਕਾਇਮ ਹਨ ਜਿਸ ਨੂੰ ਦੂਰ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਹਰ ਦੇਸ਼ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਪਾ ਕੇ ਵੱਡੇ ਅਹੁਦੇ ਲੈਂਦਿਆਂ ਆਪਣੀ ਵੱਖਰੀ ਪਹਿਚਾਣ ਬਣਾਈ ਹੈ।ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਦੇਸ਼-ਵਿਦੇਸ਼ ਵੱਸਦੇ ਸਿੱਖਾਂ ਦੇ ਹਿਰਦਿਆਂ ਨੂੰ ਡੂੰਘੀ ਠੇਸ ਪਹੁੰਚੀ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੈਨੇਡਾ ‘ਚ ਨਸਲੀ ਵਿਤਕਰੇ ਨੂੰ ਲੈ ਕੇ ਯੂਨੀਵਰਸਿਟੀ ਆਫ ਅਲਬਰਟਾ ਵਿਖੇ ਦਸਤਾਰਧਾਰੀ ਸਿੱਖਾਂ ਖਿਲਾਫ ਅੰਗਰੇਜ਼ੀ ਵਿੱਚ ਇਤਰਾਜਯੋਗ ਭਾਸ਼ਾ ਦੇ ਪੋਸਟਰ ਲਗਾਏ ਗਏ ਸਨ ਜਿਸ ਦੀ ਹਰ ਪਾਸੋਂ ਨਿੰਦਾ ਹੋਈ ਹੈ।
ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਸਿੱਖਾਂ ਦੀ ਪਹਿਚਾਣ ਸਬੰਧੀ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਜਾਰੀ ਹੈ, ਪਰ ਇਸ ਦੇ ਬਾਵਜੂਦ ਕਿਤੇ ਨਾ ਕਿਤੇ ਯਤਨਾਂ ਦੀ ਘਾਟ ਨਜ਼ਰ ਆ ਰਹੀ ਹੈ ਜਿਸ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਸਖ਼ਤ ਲੋੜ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਦਿਨੀਂ ਸਿੱਖ ਧਰਮ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦਾ ਵਿਸ਼ੇਸ਼ ਦਸਤਾਵੇਜ਼ ਜਾਰੀ ਕੀਤਾ ਗਿਆ ਹੈ ਜੋ ਵਿਦੇਸ਼ਾਂ ਅੰਦਰ ਸਿੱਖਾਂ ਦੀ ਸਹੀ ਪਛਾਣ ਨੂੰ ਪੇਸ਼ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਹਾਈ ਹੋਵੇਗਾ।ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੂੰ ਸਬੰਧਤ ਘਟਨਾ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਸਿੱਖਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਜਿਨ੍ਹਾਂ ਨਫਰਤ ਦੀ ਥਾਂ ਹਮੇਸ਼ਾ ਭਾਈਚਾਰਕ ਸਾਂਝ ਨੂੰ ਮੁੱਢਲੇ ਤੌਰ ‘ਤੇ ਪ੍ਰਮੁੱਖਤਾ ਦਿੱਤੀ ਹੈ।