11ਔਖੇ ਸਮੇਂ ਹਰ ਸੰਭਵ ਸਹਾਇਤਾ ਦੇਣ ‘ਤੇ ਸਰਹੱਦੀ ਲੋਕਾਂ ਨੇ ਸ਼੍ਰੋਮਣੀ ਕਮੇਟੀ ਦਾ ਕੀਤਾ ਧੰਨਵਾਦ
ਸ਼੍ਰੋਮਣੀ ਕਮੇਟੀ ਨੇ ਸਰਹੱਦ ਤੋਂ ਕਰਮਚਾਰੀ ਵਾਪਸ ਸੱਦੇ
ਅੰਮ੍ਰਿਤਸਰ ੫ ਅਕਤੂਬਰ (         ) ਭਾਰਤ-ਪਾਕਿਸਤਾਨ ਦਰਮਿਆਨ ਬਣੇ ਜੰਗ ਵਾਲੇ ਮਾਹੌਲ ਸਮੇਂ ਸਰਹੱਦੀ ਖੇਤਰ ਤੋਂ ਆਪਣੇ ਘਰ-ਬਾਰ ਛੱਡ ਕੇ ਆਉਣ ਵਾਲੇ ਲੋਕ ਹੁਣ ਹਾਲਾਤ ਚੰਗੇਰੇ ਹੋਣ ਤੇ ਆਪਣੇ ਰਿਸ਼ਤੇਦਾਰਾਂ, ਸਾਕ ਸਬੰਧੀਆਂ ਅਤੇ ਸਹਾਇਤਾ ਕੈਂਪਾਂ ਵਿਚੋਂ ਆਪਣੇ ਘਰ ਅਤੇ ਤਿਆਰ ਹੋਈ ਫਸਲ ਦੇ ਮੋਹ ਵੱਸ ਵਾਪਸ ਪਰਤ ਰਹੇ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਰਦਿਆਂ ਕਿਹਾ ਕਿ ਸਾਡੇ ਸਰਹੱਦੀ ਕੈਂਪਾਂ ਵਿੱਚ ਸੇਵਾ ਕਰ ਰਹੇ ਅਧਿਕਾਰੀਆਂ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ. ਹਰਚਰਨ ਸਿੰਘ ਮੁੱਖ ਸਕੱਤਰ ਰਾਹੀਂ ਰਿਪੋਰਟ ਦਿੱਤੀ ਹੈ ਕਿ ਹੁਣ ਹਾਲਾਤ ਪਹਿਲਾ ਨਾਲੋਂ ਦਰੁਸਤ ਹੋ ਗਏ ਹਨ ਤੇ ਲੋਕ ਹੁਣ ਆਪੋ-ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਪਠਾਨਕੋਟ ਖੇਤਰ ਵਿੱਚ ਸਭ ਤੋਂ ਵੱਧ ਲੋਕਾਂ ਨੇ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਦੇ ਸਹਾਇਤਾ ਕੇਂਦਰ ਵਿੱਚ ਸ਼ਰਨ ਲਈ ਸੀ।ਉਨ੍ਹਾਂ ਕਿਹਾ ਕਿ ਪਠਾਨਕੋਟ ਵਿਖੇ ਪਿੰਡ ਖੋਜਕੀ ਚੱਕ, ਝੀਡਾ, ਸਿੰਬਲ ਸਕੈਲ, ਉਦੀਪੁਰ ਐਮਾ, ਕਿਲਪੁਰ, ਸੰਕੋਲਪੁਰ, ਬਸਾਊਵਾੜਵਾਂ, ਸਿੰਬਲ ਕੁਲੀਆਂ, ਕੋਟਲੀ ਜਵਾਹਰ, ਆਸਮ ਵਾੜਵਾਂ, ਦੋਸਤਪੁਰ, ਪਲਾਹ, ਬਲੋਤਰ, ਫਰਵਾਲ, ਬਗਵਾਲ, ਦਿਲਪੁਰ ਤੇ ਬਗਿਆਨ ਵਿਖੇ ਰਾਹਤ ਕੈਂਪ ਲਗਾਏ ਗਏ ਸਨ।ਉਨ੍ਹਾਂ ਕਿਹਾ ਕਿ ਇਥੋਂ ਤਕਰੀਬਨ ੯੭੨ ਪਰਿਵਾਰ ਹੁਣ ਵਾਪਸ ਆਪਣੇ ਘਰਾਂ ਨੂੰ ਜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਫਾਜ਼ਿਲਕਾ ਖੇਤਰ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਖੇਤਰਾਂ ਵਿੱਚ ਲੰਗਰ ਸੇਵਾ ਕੇਂਦਰ ਸਥਾਪਿਤ ਕੀਤੇ ਗਏ ਸਨ ਜਿਥੇ ਲੰਗਰ ਤਿਆਰ ਕਰਕੇ ਗੱਡੀਆਂ ਰਾਹੀਂ ਅੱਗੇ ਪਿੰਡਾਂ ਵਿੱਚ ਪਹੁੰਚਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਿਖੇ ਪਿੰਡ ਚਵਾੜਿਆਂਵਾਲੀ, ਜੱਟਾਵਾਲੀ, ਲਾਲੋਵਾਲੀ, ਥੇਹਕਲੰਦਰ ਤੇ ਬਹਿਕਖਾਸ ਵਿਖੇ ਤਕਰੀਬਨ ੫ ਹਜ਼ਾਰ ਤੋਂ ਵੱਧ ਪਰਿਵਾਰਾਂ ਨੇ ਪ੍ਰਸ਼ਾਦਾਂ ਛੱਕਿਆ।ਸ. ਬੇਦੀ ਨੇ ਕਿਹਾ ਕਿ ਇਸ ਖੇਤਰ ਨੂੰ ਛੱਡ ਕੇ ਬਾਕੀ ਥਾਵਾਂ ਪੁਰ ਹੁਣ ਪਿੰਡਾਂ ਵਿੱਚ ਰੌਣਕ ਪਰਤ ਆਈ ਹੈ ਤੇ ਲੋਕਾਂ ਨੇ ਆਪਣੇ ਘਰਾਂ ਵਿੱਚ ਹੀ ਲੰਗਰ ਪਕਾਉਣਾ ਸ਼ੁਰੂ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਖੇਮਕਰਨ ਖੇਤਰ ਦੇ ੧੨-੧੩ ਕਿਲੋਮੀਟਰ ਦੇ ਏਰੀਏ ਵਿੱਚ ੨੨ ਥਾਵਾਂ ਵਿੱਚ ਲੰਗਰ ਸੇਵਾ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਲਈ ਪਿੰਡ ਬੈਂਕਾਂ, ਪਹੂਵਿੰਡ ਤੇ ਭਿੱਖੀਵਿੰਡ ਕੇਂਦਰ ਬਣਾਏ ਗਏ ਸਨ।ਉਨ੍ਹਾਂ ਕਿਹਾ ਕਿ ਡੀਫੈਸ ਲਾਈਨਾਂ ਦੇ ਅਗਲੇ ਪਿੰਡਾਂ ਮਹਿੰਦੀਪੁਰ, ਮੀਆਂਵਾਲਾ, ਕਲਸ, ਗਿੱਲ, ਪੰਨ, ਥੇਹ ਕਲਾ, ਠੱਠੀ ਜੈਮਲ ਸਿੰਘ ਤੇ ਪਲੋਅ ਵਿੱਚ ਵੀ ਸ਼੍ਰੋਮਣੀ ਕਮੇਟੀ ਵੱਲੋਂ ਦੋਵੇਂ ਵੇਲੇ ਸਵੇਰੇ ਤੇ ਸ਼ਾਮ ਲੰਗਰ ਸੇਵਾ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਥੇ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ ਨੇ ਸੇਵਾ ਨਿਭਾਈ ਹੈ।ਸ. ਬੇਦੀ ਨੇ ਕਿਹਾ ਕਿ ਤਰਨਤਾਰਨ ਖੇਤਰ ਦੇ ਪਿੰਡ ਚੀਮੇ ਕਲਾ, ਚੀਮਾ ਖੁਰਦ, ਚੀਮਾ ਸ਼ੱਕਰਚੱਕ, ਰਸੂਲਪੁਰ, ਹਵੇਲੀਆ, ਨੌਸ਼ਹਿਰਾ, ਛੀਨਾ, ਭੁੱਚਰ ਕਲਾ, ਭੁੱਚਰ ਖੁਰਦ, ਬੁਰਜ, ਗਹਿਰੀ, ਕਲਸ, ਚਾਹਲ, ਭੁੱਸੇ, ਲਹੀਆ, ਸਰਾਏ ਅਮਾਨਤ ਖਾਂ, ਝਬਾਲ, ਗੱਗੋਬੂਹਾ ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤਰਨਤਾਰਨ ਵਿਖੇ ਲੰਗਰ ਪਹੁੰਚਾਉਣ ਦੀ ਸੇਵਾ ਕੀਤੀ ਗਈ ਹੈ ਜਿਸ ਦੀ ਅਗਵਾਈ ਸ. ਹਰਭਜਨ ਸਿੰਘ ਮਨਾਵਾਂ ਕਰਦੇ ਰਹੇ ਹਨ।ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੇ ਪਿੰਡ ਦੌਲਤਪੁਰਾ, ਖੁਰੀਖੇੜਾ, ਸੋਹਣਗੜ੍ਹ, ਗੁਰੂ ਹਰਿਸਹਾਏ, ਕੌਰ ਸਿੰਘ ਵਾਲਾ ਤੇ ਟਾਲੀਵਾਲ ਬੋਦਲਾ ਵਿਖੇ ਸ. ਕੇਵਲ ਸਿੰਘ ਵਧੀਕ ਸਕੱਤਰ ਦੀ ਅਗਵਾਈ ਹੇਠ ਟੀਮ ਕੰਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਅਟਾਰੀ ਦੇ ਪਿੰਡ ਦਾਉ ਕੇ, ਭਰੋਪਾਲ, ਭੈਣੀਰਾਜਪੂਤਾਂ, ਰਾਜਾਤਾਲ, ਤਰਨ ਖੁਰਦ, ਰਤਨ ਕਲਾ, ਧਨੋਏ ਖੁਰਦ, ਧਨੋਏ ਕਲਾ, ਅਟੱਲਗੜ, ਮੋਦੇ, ਮਾਹਵਾ, ਦੋਕੇ ਵਿਖੇ ਸ. ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ ਤੇ ਸ. ਬਲਵਿੰਦਰ ਸਿੰਘ ਕਾਹਲਵਾਂ ਮੀਤ ਸਕੱਤਰ ਸੇਵਾ ਨਿਭਾਉਂਦੇ ਰਹੇ ਹਨ।ਚੌਗਾਵਾਂ ਖੇਤਰ ਵਿੱਚ ਪਿੰਡ ਬੱਚੀਵਿੰਡ, ਮੂਲਾਕੋਟ, ਧਾਰੀਵਾਲ, ਰਾਣੀਆ, ਕੱਕੜ, ਚੱਕੇ ਐਲਾਬਖਸ਼, ਸਰੰਗੜਾ, ਮੰਡ, ਦਸਮੇਸ਼ ਨਗਰ, ਲੋਧੀ ਗੁਜਰ, ਸੈਦਪੁਰ, ਬੁਰਜ, ਭਿੰਡੀ, ਭਿੰਡੀ ਔਲਖ ਖੁਰਦ, ਜਸਰੌਲ ਤੇ ਭੁੰਜ ਵਿਖੇ ਟੀਮਾਂ ਲੰਗਰ ਲਈ ਲੋਕਾਂ ਨੂੰ ਮਿਲੀਆਂ, ਪਰ ਉਨ੍ਹਾਂ ਕੇਵਲ ਧੰਨਵਾਦ ਕੀਤਾ।
ਸ. ਬੇਦੀ ਨੇ ਕਿਹਾ ਕਿ ਕੁਝ ਲੋਕਾਂ ਨੂੰ ਛੱਡ ਸਰਹੱਦੀ ਲੋਕ ਗਰੀਬੀ ਰੇਖਾਂ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਹਨ ਤੇ ਜੰਗ ਵਾਲੇ ਮਾਹੌਲ ਬਣਨ ਕਰਕੇ ਉਨ੍ਹਾਂ ਦੀ ਸਥਿਤੀ ਹੋਰ ਵੀ ਬਦ ਤੋਂ ਬਦਤਰ ਹੋ ਗਈ ਸੀ।ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਵੀ ਸਾਧਨ ਜੁਟਾਏ, ਪਰ ਸੰਗਤਾਂ ਨੇ ਗੁਰੂ ਘਰ ਦੇ ਪ੍ਰਸ਼ਾਦ ਨੂੰ ਪਹਿਲ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਸ ਨਾਜੁਕ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਗਈ ਸਹਾਇਤਾ ਲਈ ਸਰਹੱਦੀ ਲੋਕਾਂ ਨੇ ਪ੍ਰਸੰਸਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਦਾ ਧੰਨਵਾਦ ਕੀਤਾ ਹੈ।ਉਨ੍ਹਾਂ ਕਿਹਾ ਕਿ ਸਰਹੱਦੀ ਲੋਕ ਮਹਿਸੂਸ ਕਰਦੇ ਹਨ ਕਿ ਜੰਗ ਮਨੁੱਖ ਮਾਰੂ ਹੈ ਜਿਸ ਵਿੱਚ ਨੁਕਸਾਨ ਸਰਹੱਦੀ ਲੋਕਾਂ ਦਾ ਹੁੰਦਾ ਹੈ ਅਤੇ ਪਰਿਵਾਰ ਉਜੜ ਜਾਂਦੇ ਹਨ।ਉਨ੍ਹਾਂ ਕਿਹਾ ਕਿ ਸਰਹੱਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਿਰ ‘ਤੇ ਹਮੇਸ਼ਾ ਡਰ ਦਾ ਸਾਇਆ ਬਣਿਆ ਰਹਿੰਦਾ ਹੈ, ਪਰ ਉਹ ਫਿਰ ਵੀ ਆਪਣੇਂ ਦੇਸ਼ ਖਾਤਰ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ।ਉਨ੍ਹਾਂ ਕਿਹਾ ਕਿ ਸਰਹੱਦੀ ਲੋਕ ਚਾਹੁੰਦੇ ਹਨ ਕਿ ਦੋਵਾਂ ਦੇਸ਼ਾਂ ਵਿਚਕਾਰ ਜੰਗ ਕਦੇ ਨਾ ਲੱਗੇ ਤੇ ਮਾਹੌਲ ਸ਼ਾਂਤਮਈ ਰਹੇ ਪਰ ਪਾਕਿਸਤਾਨ ਦੇ ਰਵੱਈਏ ਤੇ ਰੋਸ ਵੀ ਪ੍ਰਗਟ ਕਰਦੇ ਹਨ।
ਸ. ਬੇਦੀ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਨੇ ਇਸ ਤਣਾਅਪੂਰਨ ਸਮੇਂ ਸੇਵਾਵਾਂ ਦੇ ਰਹੇ ਆਪਣੇ ਅਧਿਕਾਰੀਆਂ ਨੂੰ ਵਾਪਸ ਆਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।ਉਨ੍ਹਾਂ ਕਿਹਾ ਕਿ ਜਥੇ. ਅਵਤਾਰ ਸਿੰਘ ਨੇ ਅਕਾਲ ਪੁਰਖ ਅੱਗੇ ਅਰਦਾਸ ਜੋਦੜੀ ਕੀਤੀ ਹੈ ਕਿ ਸਰਹੱਦੀ ਲੋਕ ਆਪਣੇ ਪਰਿਵਾਰਾਂ ਵਿੱਚ ਸੁਖਦ ਜੀਵਨ ਬਤੀਤ ਕਰਨ ਅਤੇ ਅਜਿਹੇ ਹਾਲਾਤਾਂ ਦਾ ਉਨ੍ਹਾਂ ਨੂੰ ਮੁੜ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਨੇ ਸਰਹੱਦੀ ਲੋਕਾਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਕਾਰਜਾਂ ਸਮੇਂ ਕਿਸੇ ਕਿਸਮ ਦੀ ਕੋਈ ਘਾਟ ਰਹਿ ਜਾਣ ‘ਤੇ ਮੁਆਫੀ ਦੀ ਕਾਮਨਾ ਕੀਤੀ ਹੈ।