ਜੇਕਰ ੧੦ ਦਿਨਾਂ ‘ਚ ਕਿਤਾਬ ਵਾਪਸ ਨਾ ਲਈ ਤਾਂ ੧੯ ਮਈ ਨੂੰ ਸੱਦਿਆ ਜਾਵੇਗਾ ਪੰਥਕ ਇਕੱਠ -ਭਾਈ ਲੌਂਗੋਵਾਲ
ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇਕੱਤਰਤਾ ਦੌਰਾਨ ਵਿਸ਼ੇਸ਼ ਮਤੇ ਨੂੰ ਦਿੱਤੀ ਪ੍ਰਵਾਨਗੀ


ਅੰਮ੍ਰਿਤਸਰ, ੭ ਮਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਧਰਮ ਪ੍ਰਚਾਰ ਕਮੇਟੀ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਮੈਂਬਰ ਸਾਹਿਬਾਨ ਦੀ ਅੱਜ ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਹੋਈ ਇਕ ਵਿਸ਼ੇਸ਼ ਇਕੱਤਰਤਾ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਸਖ਼ਤ ਸ਼ਬਦਾਂ ਵਿਚ ਤਾੜਨਾ ਕੀਤੀ ਗਈ ਕਿ ਜੇਕਰ ਉਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਦੇ ਇਤਿਹਾਸ ਦੇ ਸਿਲੇਬਸ ਲਈ ਤਿਆਰ ਕੀਤੀ ਪੁਸਤਕ ਨੂੰ ੧੦ ਦਿਨਾਂ ਦੇ ਅੰਦਰ-ਅੰਦਰ ਵਾਪਸ ਨਾ ਲਿਆ ਤਾਂ ਸ਼੍ਰੋਮਣੀ ਕਮੇਟੀ ੧੯ ਮਈ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਸਮੂਹ ਪੰਥਕ ਜਥੇਬੰਦੀਆਂ ਦਾ ਵਿਸ਼ਾਲ ਇਕੱਠ ਬੁਲਾ ਕੇ ਸਖ਼ਤ ਫੈਸਲਾ ਲਵੇਗੀ। ਇਕੱਤਰਤਾ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਨੌਜੁਆਨੀ ਨੂੰ ਪੰਜਾਬ ਅਤੇ ਸਿੱਖ ਕੌਮ ਦੇ ਇਤਿਹਾਸ ਨਾਲੋਂ ਤੋੜਨ ਦੀ ਰਚੀ ਗਈ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਅੱਜ ਦੀ ਇਕੱਤਰਤਾ ਵਿਚ ਹਾਜ਼ਰ ਮੈਂਬਰਾਂ ਨੇ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂਬਰ ਸਾਹਿਬਾਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹਰ ਸੰਘਰਸ਼ ਵਿਚ ਮੋਹਰੀ ਰੋਲ ਅਦਾ ਕਰਨ ਦੀ ਇਕਸੁਰਤਾ ਦਿਖਾਈ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਨਿੱਜੀ ਪ੍ਰਕਾਸ਼ਕਾਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਸਿਲੇਬਸ ਦੀਆਂ ਸਹਾਇਕ ਪੁਸਤਕਾਂ ਸਬੰਧੀ ਵੀ ਸ਼੍ਰੋਮਣੀ ਕਮੇਟੀ ਇਕ ਸਬ-ਕਮੇਟੀ ਦਾ ਗਠਨ ਕਰੇਗੀ ਜੋ ਹਰ ਪੁਸਤਕ ‘ਤੇ ਆਪਣੀ ਨਜ਼ਰ ਰੱਖੇਗੀ।

ਇਕੱਤਰਤਾ ਦੌਰਾਨ ਪਾਸ ਕੀਤਾ ਗਿਆ ਇਕ ਵਿਸ਼ੇਸ਼ ਮਤਾ:

ਇਕੱਤਰਤਾ ਦੌਰਾਨ ਮੈਂਬਰ ਸਾਹਿਬਾਨ ਦੇ ਵਿਚਾਰ ਜਾਣਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਵਿਸ਼ੇਸ਼ ਮਤਾ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ। ਮਤੇ ਵਿਚ ਕਿਹਾ ਗਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਜਾਣ-ਬੁੱਝ ਕੇ ਸਿੱਖਾਂ ਦੀ ਵਿਲੱਖਣ ਹੋਂਦ ਹਸਤੀ, ਨਿਆਰੇਪਨ, ਸਿੱਖ ਵਿਰਸੇ-ਵਿਰਾਸਤ ਅਤੇ ਸਿੱਖਾਂ ਦੇ ਸ਼ਾਨਾਮੱਤੇ ਇਤਿਹਾਸ ਨਾਲੋਂ ਪੰਜਾਬ ਦੀ ਨੌਜੁਆਨੀ ਨੂੰ ਤੋੜਨ ਦਾ ਨਾ-ਬਰਦਾਸ਼ਤਯੋਗ ਕਾਰਜ ਕੀਤਾ ਹੈ। ਪਹਿਲਾਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਤੇ ਸਿਧਾਂਤ ਨੂੰ ਨੇਸਤੋ-ਨਾਬੂਦ ਕਰਨ ਲਈ ੧੯੮੪ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ, ਜਿਸ ਵਿਚ ਸਿੱਖ ਦਾ ਬੇਤਹਾਸ਼ਾ ਜਾਨੀ-ਮਾਲੀ ਨੁਕਸਾਨ ਹੋਇਆ। ਹੁਣ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਿੱਧ ਸਿਧਾਂਤਾਂ, ਸਿੱਖ ਸੰਸਥਾਵਾਂ, ਸਿੱਖ ਸੱਭਿਆਚਾਰ ਅਤੇ ਸਿੱਖ ਇਤਿਹਾਸ ਨੂੰ ਤਹਿਸ-ਨਹਿਸ ਕਰਨ ਲਈ ਘਨੋਣੀ ਕਾਰਵਾਈ ਕਰਦਿਆਂ ਬਾਰ੍ਹਵੀਂ ਦੇ ਸਿਲੇਬਸ ਅਤੇ ਪਾਠਕ੍ਰਮ ਵਿੱਚੋਂ ਗੁਰ ਇਤਿਹਾਸ, ਸਿੱਖ ਇਤਿਹਾਸ ਤੇ ਪੰਜਾਬ ਦੀ ਵਿਰਾਸਤ ਨੂੰ ਖ਼ਤਮ ਕਰਕੇ ਸਿੱਖਾਂ ‘ਤੇ ਕੌਮੀ ਹਮਲਾ ਕੀਤਾ ਹੈ।ਪੰਜਾਬ ਗੁਰੂ ਸਾਹਿਬਾਨ ਦੇ ਨਾਂ ‘ਤੇ ਵੱਸਦਾ ਹੈ ਅਤੇ ਜੇਕਰ ਪੰਜਾਬ ਦੇ ਇਤਿਹਾਸ ਵਿੱਚੋਂ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਕੱਢ ਦੇਈਏ ਤਾਂ ਇਹ ਪੰਜਾਬ ਦਾ ਇਤਿਹਾਸ ਨਹੀਂ ਕਿਹਾ ਜਾ ਸਕਦਾ। ਭਾਰਤ ਦੇ ਸੱਭਿਆਚਾਰ ਨੂੰ ਬਚਾਉਣ ਲਈ ਸਿੱਖ ਕੌਮ ਦੀਆਂ ਕੁਰਬਾਨੀਆਂ ਅਤੇ ਯੋਗਦਾਨ ਨੂੰ ਵਿਸਾਰ ਕੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਬਾਰ੍ਹਵੀਂ ਜਮਾਤ ਦੇ ਸਿਲੇਬਸ ਦੀ ਤਿਆਰ ਕੀਤੀ ਇਤਿਹਾਸ ਦੀ ਪੁਸਤਕ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਮਤੇ ਰਾਹੀਂ ਮੰਗ ਕੀਤੀ ਗਈ ਕਿ ਨਵੀਂ ਪੁਸਤਕ ‘ਤੇ ਤੁਰੰਤ ਰੋਕ ਲਗਾ ਕੇ ਸਰਕਾਰ ਪਹਿਲਾਂ ਵਾਲੇ ਸਿਲੇਬਸ ਨੂੰ ਲਾਗੂ ਕਰੇ ਅਤੇ ਇਸ ਦੇ ਨਾਲ ਹੀ ਇਸ ਸਾਜ਼ਿਸ਼ ਵਿਚ ਸ਼ਾਮਲ ਵਿਅਕਤੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਮਤੇ ਵਿਚ ਇਹ ਵੀ ਮੰਗ ਕੀਤੀ ਗਈ ਕਿ ਪੰਜਾਬ ਅੰਦਰ ਪਹਿਲੀ ਜਮਾਤ ਤੋਂ ਲੈ ਕੇ ਐਮ.ਏ. ਤੱਕ ਦੇ ਸਿਲੇਬਸ ਵਿਚ ਵਿਦਿਆਰਥੀਆਂ ਦੇ ਬੌਧਿਕ ਪੱਧਰ ਅਨੁਸਾਰ ਸਿੱਖ ਕੌਮ ਦਾ ਇਤਿਹਾਸ ਲਾਜ਼ਮੀ ਕੀਤਾ ਜਾਵੇ। ਇਸ ਤੋਂ ਇਲਾਵਾ ਸਿਲੇਬਸ ਕਮੇਟੀਆਂ ਵਿਚ ਸਿੱਖ ਇਤਿਹਾਸਕਾਰ ਮੈਂਬਰ ਲਏ ਜਾਣ। ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਲਾਵਾ ਹੋਰ ਬੋਰਡ ਅਤੇ ਬਾਹਰਲੇ ਸੂਬਿਆਂ ਦੇ ਬੋਰਡ ਵੀ ਸਿੱਖ ਇਤਿਹਾਸ ਨੂੰ ਸਿਲੇਬਸ ਦਾ ਹਿੱਸਾ ਬਣਾਉਣ, ਤਾਂ ਕਿ ਸਮੁੱਚੇ ਭਾਰਤੀ ਵਾਸੀ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਤੇ ਸਿੱਖ ਕੌਮ ਦੇ ਗੌਰਵਮਈ ਵਿਰਸੇ ਤੋਂ ਜਾਣੂ ਹੋ ਸਕਣ। ਮਤੇ ਰਾਹੀਂ ਸਮੂਹ ਸੰਸਾਰ ਦੇ ਸਿੱਖਾਂ, ਬੁੱਧੀਜੀਵੀਆਂ, ਲੇਖਕਾਂ, ਪੰਥ ਹਿਤੈਸ਼ੀਆਂ, ਧਾਰਮਿਕ ਸਮਾਜਿਕ ਆਗੂਆਂ, ਕੌਮੀ ਦਰਦੀਆਂ ਨੂੰ ਅਪੀਲ ਕੀਤੀ ਗਈ ਕਿ ਆਪਸੀ ਦੂਸ਼ਣਬਾਜ਼ੀ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸਿੱਖ ਸਿਧਾਂਤਾਂ, ਪ੍ਰੰਪਰਾਵਾਂ ਤੇ ਸਿੱਖ ਮਰਯਾਦਾ ਦੀ ਪ੍ਰਮਾਣਿਕਤਾ ਨੂੰ ਚਨੌਤੀ ਦੇਣ ਵਾਲੇ ਵਿਅਕਤੀ ਨਿੱਜੀ ਹਿੱਤਾਂ ਤੋਂ ਉਪਰ ਉਠ ਕੇ ਕੌਮ ਦੀ ਚੜ੍ਹਦੀ ਕਲਾ ਲਈ ਉਸਾਰੂ ਪਹੁੰਚ ਅਪਨਾਉਣ।

ਵੱਖ-ਵੱਖ ਮੈਂਬਰਾਂ ਨੇ ਇਕਸੁਰ ਹੋ ਕੇ ਸਖ਼ਤ ਰੁਖ਼ ਅਪਨਾਉਣ ਲਈ ਕਿਹਾ:

ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਾਰਵਾਈ ਅਰੰਭ ਕਰਦਿਆਂ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਸਕੂਲ ਪਾਠਕ੍ਰਮ ਵਿੱਚੋਂ ਖ਼ਤਮ ਕਰਨ ਨੂੰ ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਨਾਲ ਧ੍ਰੋਹ ਦੱਸਦਿਆਂ ਵੱਖ-ਵੱਖ ਮੈਂਬਰਾਂ ਨੂੰ ਮਾਮਲੇ ਸਬੰਧੀ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ, ਜਿਸ ‘ਤੇ ਸਮੂਹ ਮੈਂਬਰਾਂ ਨੇ ਇਕਸੁਰ ਹੋ ਕੇ ਇਸ ਸਬੰਧੀ ਸਖ਼ਤ ਰੁਖ਼ ਅਪਨਾਉਣ ਦੀ ਗੱਲ ਕਹੀ। ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਜਥੇਦਾਰ ਤੋਤਾ ਸਿੰਘ ਜੋ ਪੰਜਾਬ ਦੇ ਸਿੱਖਿਆ ਮੰਤਰੀ ਵੀ ਰਹਿ ਚੁੱਕੇ ਹਨ ਨੇ ਬੋਰਡ ਵੱਲੋਂ ਸਿਲੇਬਸ ਤਿਆਰ ਕਰਨ ਦੇ ਵਿਧੀ ਵਿਧਾਨ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਐਨ.ਸੀ.ਈ.ਆਰ.ਟੀ. ਵੱਲੋਂ ਕੀਤੀਆਂ ਸਿਫ਼ਾਰਸ਼ਾਂ ਲਈ ਰਾਜ ਸਰਕਾਰਾਂ ਪਾਬੰਦ ਨਹੀਂ ਹਨ। ਪਰ ਇਸ ਦੇ ਬਾਵਜੂਦ ਵੀ ਪੰਜਾਬ ਦੀ ਮੌਜੂਦਾ ਸਰਕਾਰ ਨੇ ਸਿਲੇਬਸ ਬਦਲਣ ਦੀ ਗਲਤੀ ਜਾਣ-ਬੁੱਝ ਕੇ ਕੀਤੀ ਹੈ। ਇਸ ਤੋਂ ਇਲਾਵਾ ਸ. ਹਰਪਾਲ ਸਿੰਘ ਜੱਲਾ, ਸ. ਗੁਰਬਚਨ ਸਿੰਘ ਕਰਮੂੰਵਾਲਾ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਕਰਨੈਲ ਸਿੰਘ ਪੰਜੋਲੀ, ਇਤਿਹਾਸਕਾਰ ਡਾ. ਬਲਵੰਤ ਸਿੰਘ ਢਿੱਲੋਂ, ਭਾਈ ਅਮਰਜੀਤ ਸਿੰਘ ਚਾਵਲਾ, ਬੀਬੀ ਕਿਰਨਜੋਤ ਕੌਰ, ਭਾਈ ਗੁਰਚਰਨ ਸਿੰਘ ਗਰੇਵਾਲ, ਪ੍ਰਿੰਸੀਪਲ ਸੁਰਿੰਦਰ ਸਿੰਘ ਸ੍ਰੀ ਅਨੰਦਪੁਰ ਸਾਹਿਬ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਬੀਬੀ ਹਰਜਿੰਦਰ ਕੌਰ ਚੰਡੀਗੜ੍ਹ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਸਰਕਾਰ ਵੱਲੋਂ ਸਿਲੇਬਸ ‘ਚੋਂ ਸਿੱਖ ਕੌਮ ਦਾ ਇਤਿਹਾਸ ਮਨਫ਼ੀ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ।
ਇਕੱਤਰਤਾ ਦੌਰਾਨ ੧੦੦ ਤੋਂ ਵੱਧ ਮੈਂਬਰ ਸ਼ਾਮਲ ਹੋਏ, ਜਿਨ੍ਹਾਂ ਵਿਚ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਹਰਪਾਲ ਸਿੰਘ ਜੱਲਾ ਜੂਨੀਅਰ ਮੀਤ ਪ੍ਰਧਾਨ, ਸ. ਗੁਰਬਚਨ ਸਿੰਘ ਕਰਮੂੰਵਾਲਾ ਜਨਰਲ ਸਕੱਤਰ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ, ਜਥੇਦਾਰ ਤੋਤਾ ਸਿੰਘ ਸੀਨੀਅਰ ਅਕਾਲੀ ਆਗੂ, ਸ. ਲਖਬੀਰ ਸਿੰਘ ਅਰਾਈਆਵਾਲਾ, ਸ. ਸੱਜਣ ਸਿੰਘ ਬੱਜੂਮਾਨ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਸ. ਰਵਿੰਦਰ ਸਿੰਘ ਚੱਕ, ਸ. ਗੁਰਮੀਤ ਸਿੰਘ ਬੂਹ, ਸ. ਭਗਵੰਤ ਸਿੰਘ ਸਿਆਲਕਾ, ਸ. ਗੁਰਤੇਜ ਸਿੰਘ ਢੱਡੇ, ਸ. ਨਵਤੇਜ ਸਿੰਘ ਕਾਉਣੀ, ਸ. ਹਰਦੇਵ ਸਿੰਘ ਰੋਗਲਾ, ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਅਜਾਇਬ ਸਿੰਘ ਅਭਿਆਸੀ, ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਮਨਜੀਤ ਸਿੰਘ, ਸ. ਅਲਵਿੰਦਰਪਾਲ ਸਿੰਘ ਪੱਖੋਕੇ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਕੇਵਲ ਸਿੰਘ ਬਾਦਲ, ਸ. ਪਰਮਜੀਤ ਸਿੰਘ ਖ਼ਾਲਸਾ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਸੁਰਜੀਤ ਸਿੰਘ ਗੜੀ, ਸ. ਨਿਰਮੈਲ ਸਿੰਘ ਜੌਲਾਂ, ਬੀਬੀ ਕਿਰਨਜੋਤ ਕੌਰ, ਸ. ਨਿਰਮਲ ਸਿੰਘ ਹਰਿਆਓ, ਸ. ਦਵਿੰਦਰ ਸਿੰਘ ਖੱਟੜਾ, ਸ. ਰਣਜੀਤ ਸਿੰਘ ਕਾਹਲੋਂ, ਬਾਬਾ ਨਿਰਮਲ ਸਿੰਘ, ਸ. ਕੁਲਵੰਤ ਸਿੰਘ ਮੰਨਣ, ਸ. ਸੁਖਵਰਸ਼ ਸਿੰਘ ਪੰਨੂੰ, ਸ. ਸਰਵਣ ਸਿੰਘ ਕੁਲਾਰ, ਸ. ਪ੍ਰਿਤਪਾਲ ਸਿੰਘ ਪਾਲੀ, ਸ. ਭੁਪਿੰਦਰ ਸਿੰਘ ਅਸੰਧ, ਪ੍ਰਿੰਸੀਪਲ ਸੁਰਿੰਦਰ ਸਿੰਘ, ਸ. ਅਮਰੀਕ ਸਿੰਘ ਕੋਟਸ਼ਮੀਰ, ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਅਵਤਾਰ ਸਿੰਘ ਵਣਵਾਲਾ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਬਲਵਿੰਦਰ ਸਿੰਘ ਵੇਈਂਪੂਈਂ, ਸ. ਖੁਸ਼ਵਿੰਦਰ ਸਿੰਘ ਭਾਟੀਆ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਸ. ਰਘਬੀਰ ਸਿੰਘ ਸਹਾਰਨਮਾਜਰਾ, ਸ. ਗੁਰਨਾਮ ਸਿੰਘ ਜੱਸਲ, ਬੀਬੀ ਹਰਜਿੰਦਰ ਕੌਰ ਚੰਡੀਗੜ੍ਹ, ਡਾ. ਬਲਵੰਤ ਸਿੰਘ ਢਿੱਲੋਂ, ਡਾ. ਪਰਮਵੀਰ ਸਿੰਘ, ਬੀਬੀ ਰਣਜੀਤ ਸਿੰਘ ਮਾਹਲਪੁਰ, ਸ. ਸਵਿੰਦਰ ਸਿੰਘ ਸਭਰਵਾਲ, ਸੰਤ ਬਲਬੀਰ ਸਿੰਘ ਘੁੰਨਸ, ਸ. ਸੁਖਦੇਵ ਸਿੰਘ ਬਾਠ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਅਮਰਜੀਤ ਸਿੰਘ ਬੰਡਾਲਾ, ਸ. ਬਲਦੇਵ ਸਿੰਘ ਚੁੰਘਾ, ਸ. ਜਗਸੀਰ ਸਿੰਘ ਮਾਂਗੇਆਣਾ, ਸ. ਰਤਨ ਸਿੰਘ ਜੱਫ਼ਰਵਾਲ, ਸ. ਬਲਦੇਵ ਸਿੰਘ ਕਾਇਮਪੁਰ, ਸ. ਸਤਵਿੰਦਰ ਸਿੰਘ ਟੌਹੜਾ, ਸ. ਮਨਜੀਤ ਸਿੰਘ ਬੱਪੀਆਣਾ, ਸ. ਜੈਪਾਲ ਸਿੰਘ ਮੰਡੀਆਂ, ਸ. ਮਲਕੀਤ ਸਿੰਘ ਚੰਗਾਲ, ਸ. ਭੁਪਿੰਦਰ ਸਿੰਘ ਭਲਵਾਨ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਗੁਰਮੇਲ ਸਿੰਘ ਸੰਗਤਪੁਰਾ, ਸ. ਭਰਪੂਰ ਸਿੰਘ ਖਾਲਸਾ, ਸ. ਚਰਨਜੀਤ ਸਿੰਘ ਕਾਲੇਵਾਲ, ਸ. ਜਰਨੈਲ ਸਿੰਘ ਡੋਗਰਾਵਾਲਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਜੁਗਰਾਜ ਸਿੰਘ ਦੋਧਰ, ਸ. ਹਰਵਿੰਦਰ ਸਿੰਘ ਰਣੀਆ, ਬੀਬੀ ਨਰਿੰਦਰ ਕੌਰ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ ਤੇ ਸ. ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਦਿਲਜੀਤ ਸਿੰਘ ਬੇਦੀ, ਸ. ਜਗਜੀਤ ਸਿੰਘ ਜੱਗੀ, ਸ. ਪ੍ਰਤਾਪ ਸਿੰਘ ਆਦਿ ਮੌਜੂਦ ਸਨ।