ਰੂਪ-ਰੇਖਾ ਤੇ ਵਿਉਂਤਬੰਦੀ ਸਬੰਧੀ ਹੋਈ ਇਕੱਤਰਤਾ

ਅੰਮ੍ਰਿਤਸਰ, ੬ ਮਈ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਗੁਰਮਤਿ ਟ੍ਰੇਨਿੰਗ ਅਤੇ ਸਿੱਖ ਨੌਜੁਆਨ ਲੀਡਰਸ਼ਿਪ ਗੁਰਮਤਿ ਕੈਂਪ ਲਗਾਏ ਜਾਣਗੇ। ਗਰਮੀਆਂ ਦੀਆਂ ਛੁੱਟੀਆਂ ਸਮੇਂ ਲਗਾਏ ਜਾਣ ਵਾਲੇ ਇਨ੍ਹਾਂ ਗੁਰਮਤਿ ਕੈਂਪਾਂ ਦੀ ਰੂਪ-ਰੇਖਾ ਅਤੇ ਵਿਉਂਤਬੰਦੀ ਲਈ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਦੀ ਅਗਵਾe ਵਿਚ ਅਧਿਕਾਰੀਆਂ ਅਤੇ ਸਕੂਲਾਂ/ਕਾਲਜਾਂ ਦੇ ਮੁਖੀਆਂ ਦੀ ਇਕ ਇਕੱਤਰਤਾ ਹੋਈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨੌਜੁਆਨਾਂ ਨੂੰ ਗੁਰਮਤਿ ਸੱਭਿਆਚਾਰ ਨਾਲ ਜੋੜਨ ਅਤੇ ਉਨ੍ਹਾਂ ਅੰਦਰ ਗੁਰਮਤਿ ਦੀ ਰੌਸ਼ਨੀ ਵਿਚ ਲੀਡਰਸ਼ਿਪ ਗੁਣ ਪੈਦਾ ਕਰਨ ਲਈ ਧਰਮ ਪ੍ਰਚਾਰ ਕਮੇਟੀ ਵੱਲੋਂ ਇਹ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰੇਰਣਾ ਅਤੇ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਪ੍ਰਬੰਧ ਅਧੀਨ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਗੁਰਮਤਿ ਨਾਲ ਜੋੜਨ ਲਈ ਜਿਥੇ ਧਾਰਮਿਕ ਅਧਿਆਪਕ ਨਿਯੁਕਤ ਕੀਤੇ ਗਏ ਹਨ, ਉਥੇ ਹੀ ਸਮੇਂ-ਸਮੇਂ ‘ਤੇ ਅਜਿਹੇ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਜਿਥੇ ਵੱਖ-ਵੱਖ ਗੁਰਮਤਿ ਦੇ ਵਿਦਵਾਨਾਂ ਵੱਲੋਂ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ ਜਾਣਗੇ, ਉਥੇ ਹੀ ਇਨਾਮੀ ਮੁਕਾਬਲੇ ਕਰਵਾਉਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਨਾਮੀ ਮੁਕਾਬਲਿਆਂ ਵਿਚ ਢਾਡੀ, ਕਵੀਸ਼ਰੀ, ਸਿੱਖ ਵਿਰਾਸਤੀ ਸਵਾਲ ਜਵਾਬ, ਭਾਸ਼ਣ ਮੁਕਾਬਲੇ ਆਦਿ ਵਿਸ਼ੇਸ਼ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਸਬੰਧੀ ਰੂਪ-ਰੇਖਾ ਤਿਆਰ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਬਣਾਈ ਗਈ ਸਬ-ਕਮੇਟੀ ਦੀ ਇਕੱਤਰਤਾ ਵਿਚ ਕੈਂਪਾਂ ਨੂੰ ਯਾਦਗਾਰੀ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਅਤੇ ਇਨ੍ਹਾਂ ਕੈਂਪਾਂ ਦੇ ਸਥਾਨ ਤੇ ਸਮਾਂ ਜਲਦੀ ਤੈਅ ਕੀਤਾ ਜਾਵੇਗਾ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਦਿਲਜੀਤ ਸਿੰਘ ਬੇਦੀ, ਮੀਤ ਸਕੱਤਰ ਸ. ਸਿਮਰਜੀਤ ਸਿੰਘ, ਅਸਿਸਟੈਂਟ ਡਾਇਰੈਕਟਰ ਵਿਦਿਆ ਬੀਬੀ ਸਤਵੰਤ ਕੌਰ, ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ ਰਮਨਜੀਤ ਕੌਰ, ਪ੍ਰਿੰਸੀਪਲ ਤਰਨਜੀਤ ਸਿੰਘ, ਪ੍ਰਿੰਸੀਪਲ ਸਤਨਾਮ ਸਿੰਘ, ਪ੍ਰਿੰਸੀਪਲ ਰਾਜਿੰਦਰ ਕੌਰ, ਪ੍ਰਿੰਸੀਪਲ ਰਾਜਵਿੰਦਰ ਕੌਰ, ਪ੍ਰਿੰਸੀਪਲ ਪ੍ਰਭਦੀਪ ਕੌਰ ਅਤੇ ਡਾ. ਅਮਰਜੀਤ ਕੌਰ ਮੌਜੂਦ ਸਨ।
ਫੋਟੋ ਕੈਂਪਸ਼ਨ : ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੇ ਗੁਰਮਤਿ ਕੈਂਪਾਂ ਸਬੰਧੀ ਇਕੱਤਰਤਾ ”ਚ ਸ਼ਾਮਲ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਦਿਲਜੀਤ ਸਿੰਘ ਬੇਦੀ, ਸ. ਸਿਮਰਜੀਤ ਸਿੰਘ ਅਤੇ ਹੋਰ।