ਅੰਮ੍ਰਿਤਸਰ ੧੩ ਦਸੰਬਰ ( ) ਪ੍ਰੋ. ਕਿਰਪਾਲ ਸਿੰਘ ਜੀ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੇ ਉਚੇਰੇ ਹਿੱਤਾਂ ਅਤੇ ਚੜ੍ਹਦੀ ਕਲਾ ਲਈ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਨੂੰ ਮਿਲੇ।
ਪੰਥਕ ਮਸਲਿਆਂ ਸਬੰਧੀ ਇਸ ਮਿਲਣੀ ਵਿੱਚ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਨਾਲ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਨੇ ਦੀਰਘ ਵਿਚਾਰਾਂ ਕੀਤੀਆਂ। ਦਫ਼ਤਰ ਸਕੱਤਰੇਤ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਰੱਖੇ ਗਏ ਸਮਾਗਮਾ ਤੇ ਵੱਖ-ਵੱਖ ਸਥਾਨਾ ਤੋਂ ਆਯੋਜਿਤ ਨਗਰ ਕੀਰਤਨ ਦੇ ਪ੍ਰਬੰਧਾਂ ਬਾਰੇ ਵੀ ਵਿਚਾਰ ਚਰਚਾ ਹੋਈ।ਇਕੱਤਰਤਾ ਉਪਰੰਤ ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਤੇ ਪੰਜ ਸਿੰਘ ਸਾਹਿਬਾਨ ਨੇ ਇਸ ਸ਼ੁਭ ਦਿਹਾੜੇ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਨਗਰ-ਕੀਰਤਨ ਵਿੱਚ ਹਾਜ਼ਰੀਆਂ ਭਰਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ-ਦੀਦਾਰੇ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀਆਂ ਲੈਣ ਲਈ ਅਪੀਲ ਕੀਤੀ।
ਇਸ ਉਪਰੰਤ ਪੰਜ ਸਿੰਘ ਸਾਹਿਬਾਨ ਵੱਲੋਂ ਪ੍ਰੋ: ਕਿਰਪਾਲ ਸਿੰਘ ਜੀ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਨ੍ਹਾਂ ਦੀਆਂ ਪੰਥ ਪ੍ਰਤੀ ਨਿਭਾਈਆਂ ਵਡਮੁੱਲੀਆਂ ਸੇਵਾਵਾਂ ਬਦਲੇ ਸਿਰੋਪਾਓ, ਲੋਈ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ੍ਰ: ਅਮਰਜੀਤ ਸਿੰਘ ਚਾਵਲਾ, ਸ੍ਰ: ਸੁਰਜੀਤ ਸਿੰਘ ਭਿੱਟੇਵਢ ਅੰਤ੍ਰਿੰਗ ਮੈਂਬਰ, ਸ੍ਰ: ਹਰਦਲਬੀਰ ਸਿੰਘ ਜੀ ਸ਼ਾਹ, ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਨਿਜੀ ਸਕੱਤਰ, ਸ੍ਰ: ਸੁਲੱਖਣ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਤੇ ਸ੍ਰ: ਸਿਮਰਜੀਤ ਸਿੰਘ ਮੀਤ ਸਕੱਤਰ ਆਦਿ ਹਾਜ਼ਰ ਸਨ।