ਸੰਗਤਾਂ ਗੁਰਮਤਿ ਫ਼ਲਸਫ਼ੇ ਦੇ ਪ੍ਰਚਾਰ ਪ੍ਰਸਾਰ ਦਾ ਹਿੱਸਾ ਬਣਨ ਲਈ ਅੱਗੇ ਆਉਣ- ਭਾਈ ਲੌਂਗੋਵਾਲ

ਸੰਗਰੂਰ, 18 ਦਸੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਜੋੜਨ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ. ਰਾਜਵਿੰਦਰ ਸਿੰਘ ਜੋਗਾ ਵੱਲੋਂ ਲਿਖਿਆ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਤ ਕੀਤਾ ਗਿਆ ਕਿਤਾਬਚਾ ‘ਸ਼ੇਖ ਫੱਤੇ ਦੀ ਯਾਤਰਾ ਕਿਉਂ?’ ਜਾਰੀ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਿੱਖ ਨੌਜੁਆਨਾਂ ਅਤੇ ਬੱਚਿਆਂ ਨੂੰ ਧਾਰਮਿਕ ਸਾਹਿਤ ਵੱਲ ਰੁਚਿਤ ਕਰਨ ਦੀ ਵੱਡੀ ਲੋੜ ਹੈ ਅਤੇ ਇਸ ਕਾਰਜ ਲਈ ਸਿੱਖ ਸੰਸਥਾਵਾਂ ਦੇ ਨਾਲ-ਨਾਲ ਮਾਪਿਆਂ ਨੂੰ ਵੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਪਹਿਲਾਂ ਹੀ ਅਨੇਕਾਂ ਧਾਰਮਿਕ ਪੁਸਤਕਾਂ ਅਤੇ ਭੇਟਾ ਰਹਿਤ ਕਿਤਾਬਚੇ ਪ੍ਰਕਾਸ਼ਿਤ ਕਰਵਾ ਕੇ ਸੰਗਤਾਂ ਤਕ ਪਹੁੰਚਾਏ ਜਾ ਰਹੇ ਹਨ, ਉਥੇ ਹੀ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਸਚਿੱਤਰ ਪੁਸਤਕਾਂ ਤਿਆਰ ਕਰਵਾਉਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਵਿਉਂਤਬੰਦੀ ਕਰ ਲਈ ਗਈ ਹੈ ਅਤੇ ਇਸ ਨੂੰ ਅਮਲ ਵਿਚ ਲਿਆਉਣ ਲਈ ਪ੍ਰਚਾਰਕਾਂ, ਕਵੀਸ਼ਰਾਂ, ਢਾਡੀਆਂ ਆਦਿ ਨਾਲ ੧੦ ਜਨਵਰੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਕੱਤਰਤਾ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਪ੍ਰਚਾਰਕ ਹੈ ਅਤੇ ਹਰ ਇਕ ਸਿੱਖ ਨੂੰ ਗੁਰਮਤਿ ਫ਼ਲਸਫ਼ੇ ਦੇ ਪ੍ਰਚਾਰ ਪ੍ਰਸਾਰ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਰਨ ਲਈ ਕੋਈ ਕਸਰ ਨਹੀਂ ਛੱਡੇਗੀ ਪਰ ਸੰਗਤਾਂ ਨੂੰ ਆਪੋ-ਆਪਣੇ ਨਗਰਾਂ ਵਿਚ ਗੁਰਮਤਿ ਸਮਾਗਮ ਕਰਵਾਉਣ ਲਈ ਵੀ ਸਹਿਯੋਗ ਕਰਨਾ ਜ਼ਰੂਰੀ ਹੈ।
ਇਸ ਮੌਕੇ ਸ. ਅਵਤਾਰ ਸਿੰਘ ਵਣਵਾਲਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਮਨਜੀਤ ਸਿੰਘ ਬੱਪੀਆਣਾ, ਸ. ਸੁਖਵਰਸ਼ ਸਿੰਘ ਪੰਨੂ, ਸ. ਪ੍ਰਿਤਪਾਲ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਧਰਮ ਪ੍ਰਚਾਰ ਕਮੇਟੀ ਦੇ ਐਡੀਸ਼ਨਲ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਹਰਭਜਨ ਸਿੰਘ ਮੀਡੀਆ ਇੰਚਾਰਜ, ਸ. ਗੁਰਿੰਦਰਪਾਲ ਸਿੰਘ ਠਰੂ ਆਦਿ ਹਾਜ਼ਰ ਸਨ।