ਵਿਸ਼ਵ ਰਬਾਬੀ ਭਾਈ ਮਰਦਾਨਾ ਸੁਸਾਇਟੀ ਵੱਲੋਂ ਸ਼੍ਰੋਮਣੀ ਕਮੇਟੀ ਦਾ ਧੰਨਵਾਦ
ਅੰਮ੍ਰਿਤਸਰ 28 ਨਵੰਬਰ ( ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਸੁਹਿਰਦਤਾ ਅਤੇ ਦੂਰ ਅੰਦੇਸ਼ੀ ਵਾਲੀ ਸੋਚ ਦੇ ਸਦਕਾ ਸਿੱਖ ਇਤਿਹਾਸ ਦੇ ਅਣਗੌਲੇ ਰਤਨ ਭਾਈ ਮਰਦਾਨਾ ਜੀ ਦੀ ਯਾਦ ਨੂੰ ਵੱਡੇ ਪੱਧਰ ‘ਤੇ ਮਨਾਉਣ ਦਾ ਕੀਤਾ ਗਿਆ ਉਪਰਾਲਾ ਇਕ ਨਵੇਂ ਇਤਿਹਾਸ ਦੀ ਸਿਰਜਣਾ ਕਰੇਗਾ।ਜਿਸ ਸਦਕਾ ਗੁਰੂ-ਘਰ ਦੇ ਪਹਿਲੇ ਕੀਰਤਨੀਏ ਰਬਾਬੀ ਭਾਈ ਮਰਦਾਨਾ ਜੀ ਦੀ ਭੁੱਲੀ ਵਿਸਰੀ ਯਾਦ ਮੁੜ ਸੁਰਜੀਤ ਹੋਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ਵ ਰਬਾਬੀ ਭਾਈ ਮਰਦਾਨਾ ਸੁਸਾਇਟੀ (ਰਜਿ.) ਪੰਜਾਬ ਦੇ ਪ੍ਰਮੁੱਖ ਅਹੁਦੇਦਾਰ ਮੁਸ਼ਤਾਕ ਅਲੀ ਕਿੰਗ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਾਂਝੇ ਰੂਪ ਵਿਚ ਕੀਤਾ। ਪ੍ਰੋ:ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਉਕਤ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਵਿਸ਼ਵ ਰਬਾਬੀ ਭਾਈ ਮਰਦਾਨਾ ਸੁਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਾਡੇ ਲਈ ਬੜੇ ਫਖ਼ਰ ਤੇ ਮਾਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਸਾਡੀ ਮੰਗ ਨੂੰ ਸੰਜੀਦਗੀ ਨਾਲ ਸਵੀਕਾਰ ਕਰਦਿਆਂ ਹੋਇਆ ਭਾਈ ਮਰਦਾਨਾ ਜੀ ਦੀ ਯਾਦ ਮਨਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ।ਜਦਕਿ ਇਸ ਤੋਂ ਪਹਿਲਾ ਸਾਡੀ ਸੁਸਾਇਟੀ ਆਪਣੇ ਤੌਰ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਇਹ ਸਮਾਗਮ ਆਪਣੇ ਤੌਰ ‘ਤੇ ਮਨਾਉਂਦੀ ਆ ਰਹੀ ਹੈ। ਭਾਈ ਮਰਦਾਨਾ ਜੀ ਦਾ ਦਿਹਾੜਾ ਸਿੱਖ ਪੰਥ ਦੀਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾਣਾ ਸਾਡੇ ਲਈ ਫਖਰ ਵਾਲੀ ਗੱਲ ਹੈ।
ਇਸ ਮੌਕੇ ਵਿਸ਼ਵ ਰਬਾਬੀ ਭਾਈ ਮਰਦਾਨਾ ਸੁਸਾਇਟੀ ਵੱਲੋਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸਨਮਾਨਿਤ ਕਰਨ ਹਿਤ ਲਿਆਂਦਾ ਗਿਆ ਸਨਮਾਨ ਉਨ੍ਹਾਂ ਦੀ ਗੈਰ ਹਾਜ਼ਰੀ ਦੌਰਾਨ ਸ. ਸੁਰਜੀਤ ਸਿੰਘ ਭਿਟੇਵਿਡ ਅੰਤ੍ਰਿੰਗ ਕਮੇਟੀ ਮੈਂਬਰ, ਸ. ਹਰਚਰਨ ਸਿੰਘ ਮੁੱਖ ਸਕੱਤਰ ਤੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਹਾਸਲ ਕੀਤਾ।ਗੁਰਮਤਿ ਸਮਾਗਮ ਸਮੇਂ ਵਿਸ਼ਵ ਰਬਾਬੀ ਭਾਈ ਮਰਦਾਨਾ ਸੁਸਾਇਟੀ (ਰਜਿ.) ਪੰਜਾਬ ਦੇ ਪ੍ਰਮੁੱਖ ਅਹੁਦੇਦਾਰਾਂ ਸਮੇਤ ਜ਼ਿਲ੍ਹਾ ਗੁਰਦਾਸਪੁਰ ਤੋਂ ਪ੍ਰਧਾਨ ਜੀਤਾ, ਨਾਭਾ ਤੋਂ ਮੁਸਤਾਕ ਅਲੀ ਕਿੰਗ, ਪਟਿਆਲਾ ਤੋਂ ਸ. ਸਰਦਾਰਾ ਸਿੰਘ, ਰਾਜਪੁਰਾ ਤੋਂ ਸ. ਅਮਰੀਕ ਸਿੰਘ ਅਤੇ ਸੰਗਰੂਰ ਤੋਂ ਸਾਧੂ ਖਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ-ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।