ਗੁਰੂ ਘਰਾਂ ਦੀਆਂ ਵਧੀਆ ਸੇਵਾਵਾਂ ਨਿਭਾਉਣ ਵਾਲੇ ਮੈਨੇਜਰ ਹੋਣਗੇ ਸਨਮਾਨਿਤ-ਭਾਈ ਲੌਂਗੋਵਾਲ

ਡਾ. ਰੂਪ ਸਿੰਘ ਨੇ ਇਤਿਹਾਸਕ ਨਿਸ਼ਾਨੀਆਂ ਦੀ ਸਾਂਭ-ਸੰਭਾਲ ਲਈ ਮੈਨੇਜਰਾਂ ਨੂੰ ਕੀਤਾ ਸੁਚੇਤ

ਅੰਮ੍ਰਿਤਸਰ 10 ਜੁਲਾਈ- 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੋਮਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਦੀ ਇਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਘਰਾਂ ਵਿਚ ਸੇਵਾ ਨਿਭਾਉਣ ਵਾਲੇ ਮੈਨੇਜਰ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੋਣ ਅਤੇ ਪ੍ਰਬੰਧਕੀ ਸੇਵਾਵਾਂ ਜ਼ੁੰਮੇਵਾਰੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਡਿਊਟੀ ਵਿਚ ਕੌਤਾਹੀ ਕਰਨ ਵਾਲੇ ਮੁਲਾਜ਼ਮ ਬਖ਼ਸ਼ੇ ਨਹੀਂ ਜਾਣਗੇ ਜਦਕਿ ਬੇਹਤਰ ਸੇਵਾਵਾਂ ਨਿਭਾਉਣ ਵਾਲੇ ਮੈਨੇਜਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਗੁਰੂ ਘਰਾਂ ਦੇ ਮੈਨੇਜਰਾਂ ਦੀ ਜ਼ੁੰਮੇਵਾਰੀ ਸਿੱਧੇ ਤੌਰ’ਤੇ ਸੰਗਤਾਂ ਨਾਲ ਜੁੜੀ ਹੋਈ ਹੈ ਇਸ ਲਈ ਉਨ੍ਹਾਂ ਦਾ ਕਿਰਦਾਰ, ਵਿਹਾਰ ਗੁਰਮਤਿ ਰਹਿਣੀ ਅਨੁਸਾਰ ਹੋਣਾ ਜ਼ਰੂਰੀ ਹੈ। ਭਾਈ ਲੌਂਗੋਵਾਲ ਨੇ ਮੈਨੇਜਰਾਂ ਨੂੰ ਗੁਰੂ ਘਰਾਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਪ੍ਰਤੀ ਚੇਤੰਨ ਹੋਣ ਦੇ ਨਾਲ-ਨਾਲ ਸਾਫ਼ ਸਫ਼ਾਈ ਅਤੇ ਵਾਤਾਵਰਣ ਦੀ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦੇਣ ਲਈ ਵੀ ਕਿਹਾ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੈਨੇਜਰਾਂ ਨੂੰ ਪ੍ਰੇਰਣਾ ਕੀਤੀ ਕਿ ਉਹ ਗੁਰਬਾਣੀ ਦਾ ਅਧਿਐਨ ਅਤੇ ਸਿੱਖ ਇਤਿਹਾਸ ਤੇ ਗੁਰਮਤਿ ਰਹਿਣੀ ਨਾਲ ਸਬੰਧਤ ਸਾਹਿਤ ਦਾ ਅਧਿਐਨ ਕਰਨ ਦੀ ਰੁਚੀ ਪੈਦਾ ਕਰਨ ਤਾਂ ਜੋ ਸੰਗਤਾਂ ਵੱਲੋਂ ਸਿੱਖ ਧਰਮ ਨਾਲ ਸਬੰਧਤ ਪੁੱਛੇ ਜਾਂਦੇ ਸਵਾਲਾਂ ਦਾ ਜਵਾਬ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੇ ਮੈਨੇਜਰ ਪ੍ਰਬੰਧਕ ਹੋਣ ਦੇ ਨਾਲ-ਨਾਲ ਇਕ ਪ੍ਰਚਾਰਕ ਦੇ ਫ਼ਰਜ਼ ਵੀ ਨਿਭਾਉਣ। 
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਗੁਰੂ ਘਰਾਂ ਅੰਦਰ ਸੇਵਾ ਨਿਭਾਉਣ ਵਾਲੇ ਮੈਨੇਜਰਾਂ ਲਈ ਜ਼ੁੰਮੇਵਾਰੀ ਦੇ ਚੇਤੰਨਤਾ ਦਾ ਅਹਿਸਾਸ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਗੁਰੂ ਘਰਾਂ ਅੰਦਰ ਇਤਿਹਾਸਕ ਨਿਸ਼ਾਨੀਆਂ ਮੌਜੂਦ ਹਨ, ਇਸ ਲਈ ਮੈਨੇਜਰ ਇਸ ਅਨਮੋਲ ਖ਼ਜ਼ਾਨੇ ਦੀ ਸੁਚੱਜੀ ਸਾਂਭ-ਸੰਭਾਲ ਲਈ ਜਾਗਰੂਕ ਹੋਣ। ਡਾ. ਰੂਪ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਕੇਵਲ ਪ੍ਰਬੰਧ ਦਾ ਅਸਥਾਨ ਹੀ ਨਹੀਂ ਹਨ, ਸਗੋਂ ਇਹ ਗੁਰਮਤਿ ਰਹਿਣੀ ਦੀ ਚੇਤਨਾ ਅਤੇ ਪ੍ਰਚਾਰ ਦਾ ਮੁੱਖ ਕੇਂਦਰ ਵੀ ਹਨ। ਉਨ੍ਹਾਂ ਕਿਹਾ ਕਿ ਗ੍ਰੰਥੀ ਤੇ ਕਥਾਵਾਚਕਾਂ ਦੇ ਨਾਲ-ਨਾਲ ਗੁਰੂ ਘਰਾਂ ਅੰਦਰ ਸੇਵਾ ਨਿਭਾਉਣ ਵਾਲਾ ਹਰ ਮੁਲਾਜ਼ਮ ਧਰਮ ਪ੍ਰਚਾਰ ਦਾ ਕਾਰਜ ਕਰੇ। ਇਸ ਦੌਰਾਨ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਵੀ ਸੰਬੋਧਨ ਕੀਤਾ ਅਤੇ ਮੈਨੇਜਰਾਂ ਨੂੰ ਨੇਕ-ਨੀਅਤੀ ਨਾਲ ਸੇਵਾ ਨਿਭਾਉਣ ਦੀ ਪ੍ਰੇਰਣਾ ਕੀਤੀ। 
ਇਸ ਮੌਕੇ ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੋਂ ਇਲਾਵਾ ਸ. ਜਗਜੀਤ ਸਿੰਘ ਜੱਗੀ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਮਲਕੀਤ ਸਿੰਘ ਬਹਿੜਵਾਲ, ਸ. ਦਰਸ਼ਨ ਸਿੰਘ ਪੀ.ਏ. ਸਮੇਤ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਮੌਜੂਦ ਸਨ।