ਪਾਕਿਸਤਾਨ ‘ਚ ਸਿੱਖ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਮੰਦਭਾਗੀ

ਅੰਮ੍ਰਿਤਸਰ, ੧੧ ਜੁਲਾਈ- ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ‘ਚ ਵੱਸਦੇ ਸਿੱਖਾਂ ਨੂੰ ਸਥਾਨਕ ਪੰਜਾਬੀ ਕਲੋਨੀ ਵਿੱਚੋਂ ਕਿਸੇ ਹੋਰ ਥਾਂ ਤਬਦੀਲ ਕਰਨ ਦੀ ਸਰਕਾਰੀ ਪ੍ਰਕਿਰਿਆ ‘ਤੇ ਮੇਘਾਲਿਆ ਹਾਈ ਕੋਰਟ ਵੱਲੋਂ ਰੋਕ ਲਗਾਉਣਾ ਇਕ ਸਵਾਗਤਯੋਗ ਫੈਸਲਾ ਹੈ ਅਤੇ ਇਸ ਨਾਲ ਸ਼ਿਲਾਂਗ ਵੱਸਦੇ ਸਿੱਖਾਂ ਨੂੰ ਰਾਹਤ ਮਿਲੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੇਘਾਲਿਆ ਹਾਈ ਕੋਰਟ ਵੱਲੋਂ ਸਰਕਾਰ ਨੂੰ ਸਿੱਖਾਂ ਦੇ ਘਰ ਤਬਦੀਲ ਕਰਨ ‘ਤੇ ਰੋਕ ਲਗਾਉਣ ਦੇ ਨਾਲ-ਨਾਲ ਇਸ ਮਾਮਲੇ ਸਬੰਧੀ ਸਰਕਾਰ ਨੂੰ ਆਪਣਾ ਪੱਖ ਸਪੱਸ਼ਟ ਕਰਨ ਦੀ ਹਦਾਇਤ ‘ਤੇ ਪ੍ਰਤੀਕਰਮ ਦਿੰਦਿਆਂ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੇਘਾਲਿਆ ਸਰਕਾਰ ਜਾਣ-ਬੁਝ ਕੇ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ, ਜਦਕਿ ਸਥਾਨਕ ਸਿੱਖ ਸਬੰਧਤ ਕਲੋਨੀ ਵਿਚ ਲੰਮੇ ਅਰਸੇ ਤੋਂ ਰਹਿ ਰਹੇ ਹਨ। ਉਨ੍ਹਾਂ ਮੇਘਾਲਿਆ ਸਰਕਾਰ ਨੂੰ ਆਪਣੀ ਅੜੀ ਛੱਡਣ ਅਤੇ ਕਲੋਨੀ ‘ਚ ਰਹਿ ਰਹੇ ਸਿੱਖਾਂ ਦੇ ਨਾਂ ਪਟੇ ਕਰਨ ਦੀ ਅਪੀਲ ਕੀਤੀ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਿਲਾਂਗ ਵੱਸਦੇ ਸਿੱਖਾਂ ਨਾਲ ਹਰ ਤਰ੍ਹਾਂ ਖੜ੍ਹੀ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਮੱਦਦ ਲਈ ਵਚਨਬਧ ਹੈ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਅੰਦਰ ਪੁਲਿਸ ਅਫ਼ਸਰ ਸ. ਗੁਲਾਬ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਘਰੋਂ ਬਾਹਰ ਕੱਢਣ ਸਬੰਧੀ ਕਿਹਾ ਕਿ ਕਿਸੇ ਵੀ ਮਾਮਲੇ ਵਿਚ ਸਿੱਖ ਦੀ ਦਸਤਾਰ ਉਤਾਰਨਾ ਅਤੇ ਕੇਸਾਂ ਦੀ ਬੇਅਦਬੀ ਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਸਿੱਖਾਂ ਨਾਲ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਤੋਂ ਪਹਿਲਾਂ ਸਿੱਖ ਆਗੂਆਂ ਦਾ ਕਤਲ ਅਤੇ ਤੰਗ ਪ੍ਰੇਸ਼ਾਨ ਹੋਣ ਕਾਰਨ ਕੁਝ ਸਿੱਖ ਪਰਿਵਾਰਾਂ ਵੱਲੋਂ ਪਾਕਿਸਤਾਨ ਛੱਡਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਸਿੱਖਾਂ ਦੀ ਸੁਰੱਖਿਆ ਅਤੇ ਮਾਣ-ਸਤਿਕਾਰ ਯਕੀਨੀ ਬਣਾਏ ਅਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਰਖਵਾਲੀ ਵੀ ਕਰੇ। ਉਨ੍ਹਾਂ ਕਿਹਾ ਕਿ ਸ. ਗੁਲਾਬ ਸਿੰਘ ਦੀ ਦਸਤਾਰ ਉਤਾਰਨ ਵਾਲੇ ਅਤੇ ਕੇਸਾਂ ਦੀ ਤੌਹੀਨ ਕਰਨ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।