ਅੰਮ੍ਰਿਤਸਰ, 14 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਕਣਕ ਤੇ ਹੋਰ ਰਸਦਾਂ ਭੇਜਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਦੁਨੀਆਂ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਗੁਰੂ ਕੇ ਲੰਗਰਾਂ ਲਈ ਆਪਣੀ ਸਮਰੱਥਾ ਅਨੁਸਾਰ ਮਾਇਆ ਵੀ ਭੇਜਣ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਵਰੋਸਾਈ ਇਤਿਹਾਸਕ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਸ਼ੋਭਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਨੁੱਖਤਾ ਦਾ ਸਰਬ-ਸਾਂਝਾ ਅਤੇ ਸਿੱਖ ਕੌਮ ਦਾ ਕੇਂਦਰੀ ਧਾਰਮਿਕ ਅਸਥਾਨ ਹੈ। ਇਸ ਮਹਾਨ ਪਾਵਨ ਅਸਥਾਨ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਚ ਲੱਖਾਂ ਸੰਗਤਾਂ ਪ੍ਰਸ਼ਾਦਾ ਛਕਦੀਆਂ ਹਨ। ਬੇਸ਼ੱਕ ਹੁਣ ਪੂਰੇ ਵਿਸ਼ਵ ਅੰਦਰ ਕੋਰੋਨਾ ਮਹਾਂਮਾਰੀ ਕਾਰਨ ਲੋਕ ਘਰਾਂ ਵਿਚ ਹਨ ਅਤੇ ਇਸ ਦੇ ਚੱਲਦਿਆਂ ਗੁਰੂ ਘਰਾਂ ਵਿਚ ਵੀ ਸੰਗਤ ਦੀ ਆਮਦ ਨਾਮਾਤਰ ਹੀ ਹੈ, ਲੇਕਿਨ ਇਸ ਦੇ ਬਾਵਜੂਦ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਸਾਰੇ ਗੁਰਦੁਆਰਾ ਸਾਹਿਬਾਨ ਤੋਂ ਲੋੜਵੰਦਾਂ ਤੱਕ ਲਗਾਤਾਰ ਲੰਗਰ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਏਕਤਾ ਤੇ ਬਰਾਬਰੀ ਦਾ ਪ੍ਰਤੀਕ ਗੁਰੂ ਕਾ ਲੰਗਰ ਸੰਗਤਾਂ ਵੱਲੋਂ ਭੇਜੀ ਮਾਇਆ ਤੇ ਰਸਦਾਂ ਨਾਲ ਹੀ ਚੱਲਦਾ ਹੈ। ਮੌਜੂਦਾ ਸੰਕਟ ਸਮੇਂ ਵੀ ਬਹੁਤ ਸਾਰੇ ਗੁਰਸਿੱਖਾਂ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ ਸਹਿਯੋਗ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਕਣਕ ਦੀ ਕਟਾਈ ਸਮੇਂ ਗੁਰੂ ਘਰ ਲਈ ਜ਼ਰੂਰ ਹਿੱਸਾ ਕੱਢਣ ਤਾਂ ਜੋ ਇਸ ਔਖੀ ਘੜੀ ਲੋੜਵੰਦਾਂ ਤੱਕ ਲੰਗਰ ਸੇਵਾ ਲਗਾਤਾਰ ਪੁੱਜਦੀ ਰਹੇ। ਇਸੇ ਤਰ੍ਹਾਂ ਹੀ ਕਾਰੋਬਾਰੀ ਸੰਗਤਾਂ ਵੀ ਆਪਣੀ ਕਿਰਤ ਕਮਾਈ ਵਿੱਚੋਂ ਆਪਣੀ ਸਮਰੱਥਾ ਮੁਤਾਬਕ ਮਾਇਆ ਤੇ ਹੋਰ ਰਸਦਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਲਈ ਭੇਜਣ। ਭਾਈ ਲੌਂਗੋਵਾਲ ਨੇ ਕਿਹਾ ਕਿ ਸੰਗਤਾਂ ਗੁਰੂ ਸਾਹਿਬ ਅੱਗੇ ਵਿਸ਼ਵ ਦੇ ਭਲੇ ਲਈ ਅਰਦਾਸ ਵੀ ਕਰਨ ਅਤੇ ਗੁਰਬਾਣੀ ਜਾਪ ਨਾਲ ਜੁੜੀਆਂ ਰਹਿਣ।