ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਸਭ ਦਾ ਧੰਨਵਾਦ
ਅੰਮ੍ਰਿਤਸਰ, 14 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਵੱਖ ਵੱਖ ਦੇਸ਼ਾਂ ਦੇ ਆਗੂਆਂ ਵੱਲੋਂ ਆਪਣੇ ਵਧਾਈ ਸੰਦੇਸ਼ ਵਿਚ ਸਿੱਖਾਂ ਦੀ ਪ੍ਰਸ਼ੰਸਾ ਕਰਨ ’ਤੇ ਧੰਨਵਾਦ ਕੀਤਾ ਹੈ। ਦੱਸਣਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਯੂਐਨਓ ਦੇ ਅੰਡਰ ਸੈਕਟਰੀ ਐਡਮਾ ਡਿਆਂਗ, ਯੂਕੇ ਤੋਂ ਪ੍ਰਿੰਸ ਚਾਰਲਸ ਆਦਿ ਨੇ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਸਿੱਖਾਂ ਨੂੰ ਸ਼ੁੱਭ ਕਾਮਨਾਵਾਂ ਭੇਜੀਆਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਸ਼ੁੱਧ ਪੰਜਾਬੀ ਸ਼ੈਲੀ ਵਿਚ ਬੁਲਾਈ ਫਤਹਿ ਖਾਸ ਚਰਚਾ ਵਿਚ ਹੈ। ਇਸ ਤੋਂ ਇਲਾਵਾ ਯੂਐਨਓ ਵੱਲੋਂ ਕਿਸੇ ਧਰਮ ਦੇ ਤਿਉਹਾਰ ਸਮੇਂ ਪਹਿਲੀ ਵਾਰ ਵਧਾਈ ਸੁਨੇਹੇ ਦੀ ਵੀ ਤਾਰੀਫ ਹੋ ਰਹੀ ਹੈ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਵਿਸ਼ਵ ਆਗੂਆਂ ਵੱਲੋਂ ਸਿੱਖਾਂ ਲਈ ਭਾਵਪੂਰਤ ਸ਼ਬਦਾਂ ਵਿਚ ਪ੍ਰਸ਼ੰਸਾਂ ਕਰਨੀ ਸਵਾਗਤਯੋਗ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖਾਂ ਵੱਲੋਂ ਗੁਰੂ ਮਾਰਗ ਅਨੁਸਾਰ ਚੱਲ ਕੇ ਬਣਾਈ ਪਛਾਣ ਦਾ ਨਤੀਜਾ ਹੈ। ਸਿੱਖ ਕੌਮ ਦੀ ਵਿਰਾਸਤ ਸਰਬੱਤ ਦਾ ਭਲਾ ਸਿਖਾਉਂਦੀ ਹੈ ਅਤੇ ਖਾਲਸਾ ਪੰਥ ਹਮੇਸ਼ਾਂ ਹੀ ਲੋੜਵੰਦਾਂ ਦੀ ਮੱਦਦ ਲਈ ਮੋਹਰੀ ਰਿਹਾ ਹੈ। ਵੱਖ-ਵੱਖ ਦੇਸ਼ਾਂ ਦੇ ਵੱਡੇ ਆਗੂਆਂ ਵੱਲੋਂ ਸਿੱਖਾਂ ਦੇ ਕੰਮਾਂ ਦੀ ਸ਼ਲਾਘਾ ਕਰਨੀ ਵੱਡੇ ਸਨਮਾਨ ਤੋਂ ਘੱਟ ਨਹੀਂ ਹੈ। 
ਭਾਈ ਲੌਂਗੋਵਾਲ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਕੌਮ ਲਈ ਦਿੱਤਾ ਗਿਆ ਸੁਨੇਹਾ ਬਹੁਤ ਹੀ ਭਾਵਪੂਰਤ ਹੈ। ਖਾਸਕਰ ਉਨ੍ਹਾਂ ਵੱਲੋਂ ਆਪਣੇ ਸੁਨੇਹੇ ਵਿਚ ਜਿਸ ਸਤਿਕਾਰ ਨਾਲ ਗੁਰੂ ਬਖਸ਼ਿਸ਼ ਫਤਹਿ ਬੁਲਾਈ ਗਈ ਹੈ ਉਸ ਨੇ ਸਿੱਖ ਕੌਮ ਦਾ ਦਿਲ ਜਿੱਤ ਲਿਆ ਹੈ। ਇਸ ਦੇ ਨਾਲ ਹੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਮੁੱਲਵਾਨ ਦੱਸਦਿਆਂ ਉਸ ਵੱਲੋਂ ਸਿੱਖਾਂ ਦੀਆਂ ਪ੍ਰਾਪਤੀਆਂ ਤੇ ਸੇਵਾਵਾਂ ਦੀ ਸ਼ਲਾਘਾ ਕਰਨੀ ਵੀ ਸਿੱਖਾਂ ਲਈ ਮਾਣ ਦਾ ਲਖਾਇਕ ਹੈ। 
ਯੂਐਨਓ ਵੱਲੋਂ ਆਪਣੇ ਚਾਰਟਰ ਵਿਚ ਗੁਰਬਾਣੀ ਦੀਆਂ ਦੋ ਪੰਕਤੀਆਂ ਸ਼ਾਮਲ ਕਰਨਾ ਵੀ ਸਿੱਖ ਕੌਮ ਲਈ ਮਾਣਮੱਤਾ ਪੰਨਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਯੂਐਨਓ ਦੇ ਅੰਡਰ ਸੈਕਟਰੀ ਜਨਰਲ ਐਡਮਾ ਡਿਆਂਗ ਵੱਲੋਂ ਸਿੱਖਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਵਿਸ਼ਵ ਅਗੂਆਂ ਨੇ ਖਾਲਸੇ ਦੇ ਪ੍ਰਗਟ ਦਿਵਸ ਮੌਕੇ ਸਿੱਖ ਕੌਮ ਨੂੰ ਮੁਬਾਰਕਬਾਦ ਭੇਜੀ ਹੈ, ਸ਼੍ਰੋਮਣੀ ਕਮੇਟੀ ਸਭ ਦਾ ਧੰਨਵਾਦ ਕਰਦੀ ਹੈ।