ਭਾਈ ਲੌਂਗੋਵਾਲ ਨੇ ਸਿੱਖ ਰੈਂਫਰੈਂਸ ਲਾਇਬ੍ਰੇਰੀ ਤੇ ਗੁਰਦੁਆਰਾ ਪੱਥਰ ਸਾਹਿਬ ਲੇਹ ਲਦਾਖ ਦਾ ਮਾਮਲਾ ਉਠਾਇਆ

ਅੰਮ੍ਰਿਤਸਰ, 08 ਜੁਲਾਈ-
ਭਾਰਤੀ ਸੈਨਾ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਅੱਜ ਮਨੁੱਖਤਾ ਦੇ ਅਧਿਆਤਮਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਵੀ ਮੌਜੂਦ ਸੀ। ਜਨਰਲ ਰਾਵਤ ਨੇ ਲੰਗਰ ਛਕਿਆ, ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਅਤੇ ਕੀਰਤਨ ਵੀ ਸਰਵਣ ਕੀਤਾ। ਉਨ੍ਹਾਂ ਨੂੰ ਪਰਕਰਮਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸੂਚਨਾ ਅਧਿਕਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਅਤੇ ਇਥੇ ਸਥਿਤ ਹੋਰ ਪਾਵਨ ਅਸਥਾਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜੀ ਆਇਆਂ ਆਖਿਆ ਅਤੇ ਸਨਮਾਨਿਤ ਵੀ ਕੀਤਾ। ਸਨਮਾਨ ਵਿਚ ਜਨਰਲ ਰਾਵਤ ਨੂੰ ਗੁਰੂ ਬਖ਼ਸ਼ਿਸ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਦਿੱਤਾ ਗਿਆ। ਜਨਰਲ ਰਾਵਤ ਨੇ ਯਾਤਰੂ ਕਿਤਾਬ ਵਿਚ ਆਪਣੀਆਂ ਭਾਵਨਾਵਾਂ ਦਰਜ਼ ਕਰਦਿਆਂ ਲਿਖਿਆ ਕਿ ਇਸ ਪਾਵਨ ਅਸਥਾਨ ‘ਤੇ ਆ ਕੇ ਅਸ਼ੀਰਵਾਦ ਪ੍ਰਾਪਤ ਹੋਇਆ ਹੈ। ਉਨ੍ਹਾਂ ਸਿੱਖਾਂ ਦੀ ਤਾਰੀਫ਼ ਕਰਦਿਆਂ ਲਿਖਿਆ ਕਿ ਯੁੱਧ ਦੇ ਮੈਦਾਨ ਵਿਚ ਸਿੱਖਾਂ ਦੀ ਹਿੰਮਤ ਅਤੇ ਦਲ੍ਹੇਰੀ ਤੋਂ ਪੂਰੀ ਦੁਨੀਆਂ ਜਾਣੂ ਹੈ ਅਤੇ ਭਾਰਤੀ ਫ਼ੌਜ ਸਦਾ ਹੀ ਸਿੱਖ ਯੋਧਿਆਂ ਦਾ ਮਾਣ ਤੇ ਸਤਿਕਾਰ ਕਰਦੀ ਆਈ ਹੈ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੈਨਾ ਮੁਖੀ ਕੋਲ ਜੂਨ ੧੯੮੪ ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਗਏ ਫ਼ੋਜੀ ਹਮਲੇ ਸਮੇਂ ਸਿੱਖ ਰੈਂਫਰੈਂਸ ਲਾਇਬ੍ਰੇਰੀ ਦੇ ਉਠਾਏ ਗਏ ਖ਼ਜ਼ਾਨੇ ਦਾ ਮਾਮਲਾ ਵੀ ਉਠਾਇਆ। ਭਾਈ ਲੌਂਗੋਵਾਲ ਨੇ ਜਨਰਲ ਰਾਵਤ ਨੂੰ ਕਿਹਾ ਕਿ ਲਾਇਬ੍ਰੇਰੀ ਦਾ ਕੀਮਤੀ ਸਰਮਾਇਆ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਨਰਲ ਰਾਵਤ ਨੂੰ ਗੁਰਦੁਆਰਾ ਪੱਥਰ ਸਾਹਿਬ ਲੇਹ ਲਦਾਖ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਦੀ ਮੰਗ ਵੀ ਕੀਤੀ। ਇਸ ‘ਤੇ ਬੇਸ਼ੱਕ ਜਨਰਲ ਰਾਵਤ ਸਿੱਖ ਰੈਂਫਰੈਂਸ ਲਾਇਬ੍ਰੇਰੀ ਦੇ ਕੀਮਤੀ ਖ਼ਜ਼ਾਨੇ ਬਾਰੇ ਅਗਿਆਨਤਾ ਪ੍ਰਗਟ ਕੀਤੀ ਪਰ ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਦਾ ਪਤਾ ਲਗਾਉਣਗੇ। ਉਨ੍ਹਾਂ ਗੁਰਦੁਆਰਾ ਪੱਥਰ ਸਾਹਿਬ ਲੇਹ ਲਦਾਖ ਸਬੰਧੀ ਵੀ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਮੁੱਖ ਸਕਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਸ. ਮੁਖਤਾਰ ਸਿੰਘ ਮੈਨੇਜਰ ਸਰਾਵਾਂ, ਸ. ਦਰਸ਼ਨ ਸਿੰਘ ਲੌਂਗੋਵਾਲ ਪੀ.ਏ., ਸ. ਜਸਵਿੰਦਰ ਸਿੰਘ ਜੱਸੀ ਤੇ ਸ. ਅੰਮ੍ਰਿਤਪਾਲ ਸਿੰਘ ਸੂਚਨਾ ਅਧਿਕਾਰੀ ਅਤੇ ਹੋਰ ਮੌਜੂਦ ਸਨ।