ਨੌਜਵਾਨਾਂ ਤੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਗੁਰਮਤਿ ਕੈਂਪਾਂ ਦਾ ਵੱਡਾ ਮਹੱਤਵ–ਗਿਆਨੀ ਗੁਰਬਚਨ ਸਿੰਘ

ਭਾਈ ਲੌਂਗੋਵਾਲ ਵੱਲੋਂ ਸ. ਗੁਰਪ੍ਰੀਤ ਸਿੰਘ ਝੱਬਰ ਦੇ ਉਪਰਾਲੇ ਦੀ ਸ਼ਲਾਘਾ

ਮਾਨਸਾ, 08 ਜੁਲਾਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਜੋਗਾ ਤੋਂ ਨੌਜਵਾਨ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ ਦੇ ਉਪਰਾਲੇ ਸਦਕਾ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਹਲਕੇ ਦੇ ਵੱਖ ਵੱਖ ਪਿੰਡਾਂ ਅੰਦਰ ਪਿਛਲੇ ਇਕ ਮਹੀਨੇ ਤੋਂ ਲਗਾਏ ਗੁਰਮਤਿ ਦੇ ਕੈਂਪਾਂ ਦੌਰਾਨ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ ਸਮਾਗਮ ਅੱਜ ਗੁਰਦੁਆਰਾ ਭਾਈ ਬਹਿਲੋ ਜੀ ਫਫੜੇ ਭਾਈਕੇ ਵਿਖੇ ਹੋਇਆ। ਇਸ ਮੌਕੇ ਜਿਥੇ ਗੁਰਮਤਿ ਸਬੰਧੀ ਲਿਖਤੀ ਪੇਪਰ ਵਿੱਚੋਂ ਅੱਵਲ ਆਏ ੯ ਬੱਚਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਸ. ਗੁਰਪ੍ਰੀਤ ਸਿੰਘ ਝੱਬਰ ਨੇ ਸਨਮਾਨ ਚਿੰਨ੍ਹ ਤੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ, ਉਥੇ ਹੀ ਕੈਂਪਾਂ ਦੌਰਾਨ ਭਾਗ ਲੈਣ ਵਾਲੇ ਤਿੰਨ ਹਜਾਰ ਬੱਚਿਆਂ ਨੂੰ ਵੀ ਮੈਡਲ ਤੇ ਸਨਮਾਨ ਪੱਤਰ ਦਿੱਤੇ ਗਏ। ਇਸ ਤੋਂ ਪਹਿਲਾਂ ਅੱਜ ਹਲਕੇ ਦੇ ਪਿੰਡਾਂ ‘ਚ ਕੈਂਪਾਂ ਦੌਰਾਨ ਚੁਣੇ ਗਏ ੫੪੦ ਬੱਚਿਆਂ ਦਾ ਲਿਖਤੀ ਧਾਰਮਿਕ ਪੇਪਰ ਲਿਆ ਗਿਆ, ਜਿਸ ਵਿਚ ਗੁਰਬਾਣੀ, ਗੁਰ-ਇਤਿਹਾਸ ਤੇ ਰਹਿਤ ਮਰਯਾਦਾ ਸਬੰਧੀ ਪ੍ਰਸ਼ਨ ਸ਼ਾਮਲ ਸਨ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਬੋਧਨ ਕਰਦਿਆਂ ਸ. ਗੁਰਪ੍ਰੀਤ ਸਿੰਘ ਝੱਬਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਕੈਂਪ ਨੌਜੁਆਨਾਂ ਅਤੇ ਬੱਚਿਆਂ ਅੰਦਰ ਗੁਰਮਤਿ ਦਾ ਸੰਚਾਰ ਕਰਨ ਲਈ ਅਹਿਮ ਰੋਲ ਨਿਭਾਉਂਦੇ ਹਨ। ਉਨ੍ਹਾਂ ਸਿੱਖ ਸੰਸਥਾਵਾਂ, ਵਿਦਿਅਕ ਅਦਾਰਿਆਂ ਦੇ ਮੁਖੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਗੁਰਮਤਿ ਰਹਿਣੀ ਨਾਲ ਜੋੜਨ ਲਈ ਸੰਯੁਕਤ ਯਤਨ ਕਰਨ ਅਤੇ ਇਸ ਦੇ ਨਾਲ ਹੀ ਸਮਾਜਿਕ ਕੁਰੀਤੀਆਂ ਪ੍ਰਤੀ ਵੀ ਸੁਚੇਤ ਕਰਨ। ਇਸ ਮੌਕੇ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਬੱਚੇ ਕੌਮ ਦਾ ਭਵਿੱਖ ਹਨ ਅਤੇ ਇਨ੍ਹਾਂ ਨੇ ਹੀ ਅਗਲੇ ਸਮਿਆਂ ਵਿਚ ਕੌਮ ਦੀ ਅਗਵਾਈ ਕਰਨੀ ਹੈ। ਇਸ ਲਈ ਬੱਚਿਆਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਪ੍ਰੇਰਿਤ ਕਰਦੇ ਅਜਿਹੇ ਉਪਰਾਲੇ ਵੱਧ ਤੋਂ ਵੱਧ ਕੀਤੇ ਜਾਣੇ ਚਾਹੀਦੇ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਧਰਮ ਪ੍ਰਚਾਰ ਕਰਨਾ ਸ਼੍ਰੋਮਣੀ ਕਮੇਟੀ ਦੀ ਪਹਿਲ ਹੈ ਅਤੇ ਇਸ ਤਹਿਤ ਜਿਥੇ ਪਿੰਡ ਪੱਧਰ ‘ਤੇ ਪ੍ਰਚਾਰ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ, ਉਥੇ ਹੀ ਬੱਚਿਆਂ ਨੂੰ ਗੁਰਮਤਿ ਸੱਭਿਆਚਾਰ ਨਾਲ ਜੋੜਨ ਲਈ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰਮਤਿ ਕੈਂਪਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਸ. ਗੁਰਪ੍ਰੀਤ ਸਿੰਘ ਝੱਬਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਬੱਚਿਆਂ ਦੇ ਗੁਰਮਤਿ ਕੈਂਪਾਂ ਦੀ ਚਲਾਈ ਗਈ ਲੜੀ ਲਗਾਤਾਰ ਜਾਰੀ ਹੈ ਅਤੇ ਸਮੁੱਚੇ ਮੈਂਬਰਾਂ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ ਬੇਹਤਰ ਕੁਰਗੁਜ਼ਾਰੀ ਦਿਖਾਉਣ ਵਾਲੇ ੯ ਬੱਚਿਆਂ ਨੂੰ ਜਿਥੇ ਅੱਜ ਸਨਮਾਨਿਤ ਕੀਤਾ ਗਿਆ ਹੈ, ਉਥੇ ਹੀ ਇਨ੍ਹਾਂ ਨੂੰ ੫੧੦੦, ੪੧੦੦ ਅਤੇ ੩੧੦੦ ਰੁਪਏ ਦੀ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਭਾਈ ਲੌਂਗੋਵਾਲ ਨੇ ਇਸ ਕੈਂਪ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਪਿੰਡਾਂ ਦੇ ਗ੍ਰੰਥੀਆਂ ਅਤੇ ਪ੍ਰਚਾਰਕਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਅਤੇ ਦਸਤਾਰਾਂ ਦੇ ਕੇ ਸਨਮਾਨਿਤ ਵੀ ਕੀਤਾ। ਉਨ੍ਹਾਂ ਸਹਿਯੋਗੀ ਗਰੰਥੀਆਂ ਨੂੰ ੧੧੦੦-੧੧੦੦ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਇਸ ਤੋਂ ਪਹਿਲਾਂ ਕੈਂਪ ਦੇ ਪ੍ਰਬੰਧਕ ਅਤੇ ਹਲਕਾ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ ਨੇ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਜੀ-ਆਇਆਂ ਕਿਹਾ ਅਤੇ ਕੈਂਪ ਵਿਚ ਸਹਿਯੋਗ ਦੇਣ ਵਾਲੇ ਗ੍ਰੰਥੀਆਂ, ਹਲਕਾ ਨਿਵਾਸੀਆਂ ਅਤੇ ਕੈਂਪ ‘ਚ ਸ਼ਾਮਲ ਰਹੇ ਬੱਚਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਇਹ ਕੈਂਪ ਹਰ ਸਾਲ ਲਗਾਉਣ ਦੀ ਵਚਨਬਧਤਾ ਵੀ ਦੁਹਰਾਈ। ਸਮਾਗਮ ਦੌਰਾਨ ਪਹੁੰਚੀਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਇੰਟਰਨੈਸ਼ਨਲ ਦਸਮੇਸ ਗੱਤਕਾ ਅਕੈਡਮੀ ਤਲਵੰਡੀ ਸਾਬੋ ਦੇ ਨੌਜੁਆਨਾਂ ਵੱਲੋਂ ਗੱਤਕਾ ਪ੍ਰਦਰਸ਼ਨ ਦੇ ਜ਼ੌਹਰ ਵਿਖਾਏ ਗਏ।
ਇਸ ਮੌਕੇ ਸ. ਹਰਦੇਵ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਉਦੈ ਸਿੰਘ ਲੌਂਗੋਵਾਲ, ਬੀਬੀ ਸਿਮਰਨਜੀਤ ਕੌਰ ਸਿੰਮੀ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਕੇਵਲ ਸਿੰਘ ਗਿੱਲ, ਸ. ਦਰਸ਼ਨ ਸਿੰਘ ਲੌਂਗੋਵਾਲ ਪੀ.ਏ., ਸ. ਬੱਲਮ ਸਿੰਘ ਕਲੀਪੁਰ, ਸ. ਬਹਾਦਰ ਸਿੰਘ ਹੀਰੋਕਲਾਂ, ਸ. ਜਸਬੀਰ ਸਿੰਘ ਲੌਂਗੋਵਾਲ ਸਰਦਾਰੀਆਂ ਟਰੱਸਟ, ਸ. ਜਗਸੀਰ ਸਿੰਘ ਚੇਅਰਮੈਨ ਅਮਰੂ ਕੋਰੜਾ, ਸ. ਕਰਨ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ, ਭਾਈ ਸਰਬਜੀਤ ਸਿੰਘ ਢੋਟੀਆਂ ਪ੍ਰਚਾਰਕ, ਭਾਈ ਅਮਰੀਕ ਸਿੰਘ, ਸ. ਕੁਲਦੀਪ ਸਿੰਘ ਸੁਲਤਾਨਵਿੰਡ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।