sਰਾਹੁਲ ਗਾਂਧੀ ਕਿਸੇ ਮਾਨਸਿਕ ਰੋਗਾਂ ਦੇ ਡਾਕਟਰ ਕੋਲੋਂ ਆਪਣਾ ਇਲਾਜ ਕਰਵਾਏ

ਅੰਮ੍ਰਿਤਸਰ : 11 ਜਨਵਰੀ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ:ਕਿਰਪਾਲ ਸਿੰਘ ਬਡੂੰਗਰ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਗੁਰੂ ਸਾਹਿਬਾਨ ਬਾਰੇ ਦਿੱਤੇ ਵਿਵਾਦਿਤ ਬਿਆਨ ਦੀ ਕਰੜੇ ਸ਼ਬਦਾਂ ਵਿਚ ਅਲੋਚਨਾ ਕੀਤੀ ਹੈ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਕਾਂਗਰਸ ਦੇ ਚੋਣ ਨਿਸ਼ਾਨ ਹੱਥ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਬਾਰਕ ਹੱਥ ਨਾਲ ਜੋੜਨਾ ਉਸਦੇ ਮਾਨਸਿਕ ਦੀਵਾਲੀਆਪਨ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਮੁੱਚੀ ਲੋਕਾਈ ਦੇ ਸਰਬ ਸਾਂਝੇ ਅਧਿਆਤਮਿਕ ਰਹਿਬਰ ਹਨ ਜਿਨ੍ਹਾਂ ਦੀ ਵਡਿਆਈ ਅਤੇ ਸੋਭਾ ਮਹਾਨ ਹੈ। ਉਨ੍ਹਾਂ ਦੇ ਪਾਵਨ ਉਪਦੇਸ਼ ਅਤੇ ਉਨ੍ਹਾਂ ਦੀ ਮੁਬਾਰਕ ਸ਼ਖਸੀਅਤ ਦੀ ਦੁਨਿਆਵੀ ਅਤੇ ਖਾਸਕਰ ਰਾਜਸੀ ਗੱਲਾਂ ਨਾਲ ਤੁਲਨਾ ਕਰਨਾ ਸਮੁੱਚੀ ਸਿੱਖ ਕੌਮ ਦੇ ਜਜ਼ਬਾਤਾਂ ਨਾਲ ਖਿਲਵਾੜ ਹੈ।
ਪ੍ਰੋ: ਬਡੂੰਗਰ ਨੇ ਕਿਹਾ ਕਿ ਕਾਂਗਰਸ ਦਾ ਚੋਣ ਨਿਸ਼ਾਨ ਹੱਥ ਮਨੁੱਖਤਾ ਅਤੇ ਖਾਸਕਰ ਸਿੱਖਾਂ ਦੇ ਕਾਤਲ ਵਜੋਂ ਪਛਾਣ ਰੱਖਦਾ ਹੈ। ਇਤਿਹਾਸ ਗਵਾਹ ਹੈ ਕਿ ਕਾਂਗਰਸ ਵੱਲੋਂ ੧੯੮੪ ਵਿਚ ਸਿੱਖਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਕਰਵਾ ਕੇ ਆਪਣੀ ਮਨੁੱਖਤਾ ਤੋਂ ਗਿਰੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਜਾ ਚੁੱਕਾ ਹੈ। ਕਾਂਗਰਸ ਵੱਲੋਂ ਦਿੱਲੀ ਅਤੇ ਹੋਰਨਾਂ ਸੂਬਿਆਂ ਵਿਚ ਕੀਤੇ ਸਿੱਖ ਕਤਲੇਆਮ ਦੇ ਜ਼ਖਮ ਅਜੇ ਤਕ ਰਿਸਦੇ ਹਨ। ਕਾਂਗਰਸ ਦੇ ਆਗੂ ਸ਼ਰੇਆਮ ਸਿੱਖ ਨਸਲਕੁਸ਼ੀ ਵਿਚ ਸਾਹਮਣੇ ਆ ਚੁੱਕੇ ਹਨ। ਕਾਂਗਰਸ ਦੇ ਚੋਣ ਨਿਸ਼ਾਨ ਹੱਥ ਜੋ ਕਿ ਖੂਨੀ ਪੰਜੇ ਦਾ ਪ੍ਰਤੀਕ ਹੈ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਬਾਰਕ ਹੱਥ ਨਾਲ ਕਰਨੀ ਰਾਹੁਲ ਗਾਂਧੀ ਦੀ ਸ਼ੈਤਾਨੀ ਸੋਚ ਦਾ ਪ੍ਰਗਟਾਵਾ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ ਆਉਣ ਦੀ ਤਾਕੀਦ ਕਰਦਿਆਂ ਕਿਹਾ ਕਿ ਉਸਨੂੰ ਆਪਣਾ ਇਲਾਜ ਕਿਸੇ ਮਾਨਸਿਕ ਰੋਗਾਂ ਦੇ ਡਾਕਟਰ ਤੋਂ ਕਰਵਾਉਣਾ ਚਾਹੀਦਾ ਹੈ ਅਤੇ ਸਿੱਖ ਜਗਤ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।