s ਅੰਮ੍ਰਿਤਸਰ 12 ਜਨਵਰੀ (      ) ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੇ ਸਾਬਤ ਸੂਰਤ ਖਿਡਾਰੀ ਸ. ਮਹਿੰਦਰਪਾਲ ਸਿੰਘ ਨੂੰ ਨੈਸ਼ਨਲ ਕ੍ਰਿਕਟ ਅਕੈਡਮੀ ਪਾਕਿਸਤਾਨ ਦੀ ਕੌਮਾਂਤਰੀ ਟੀਮ ਵਿੱਚ ਚੁਣੇ ਜਾਣ ‘ਤੇ ਆਪਣੀ ਦਿਲੀ ਮੁਬਾਰਕਬਾਦ ਦਿੱਤੀ ਹੈ।ਉਨ੍ਹਾਂ ਕਿਹਾ ਕਿ ਸ. ਮਹਿੰਦਰਪਾਲ ਸਿੰਘ ਦਾ ਪਾਕਿਸਤਾਨ ਦੀ ਕ੍ਰਿਕਟ ਟੀਮ ਅੰਦਰ ਚੁਣੇ ਜਾਣਾ ਜਿਥੇ ਦੇਸ਼-ਵਿਦੇਸ਼ ‘ਚ ਸਿੱਖੀ ਦਾ ਮਾਣ ਸਨਮਾਨ ਵਧਿਆ ਹੈ, ਉਥੇ ਪਾਕਿਸਤਾਨ ਅੰਦਰ ਵੱਸਦੇ ਘੱਟ ਗਿਣਤੀ ਸਿੱਖਾਂ ਲਈ ਬੜੀ ਉਤਸ਼ਾਹਪੂਰਵਕ ਤੇ ਫਖ਼ਰ ਵਾਲੀ ਗੱਲ ਹੈ।
   ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦੁਨੀਆਂ ਦੇ ਹਰ ਖੇਤਰ ਵਿੱਚ ਸਿੱਖ ਆਪਣੀ ਮਿਹਨਤ ਤੇ ਇਮਾਨਦਾਰੀ ਕਰਕੇ ਸਨਮਾਨਯੋਗ ਅਹੁਦਿਆਂ ‘ਤੇ ਬਿਰਾਜਮਾਨ ਹਨ ਜਿਸ ਨੂੰ ਲਫ਼ਜਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਹੁਣ ਖੇਡਾਂ ਦੇ ਖੇਤਰ ਵਿੱਚ ਸ. ਮਹਿੰਦਰਪਾਲ ਸਿੰਘ ਵੱਲੋਂ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਲਈ ਅਰਦਾਸ ਜੋਦੜੀ ਹੈ ਕਿ ਉਹ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਦੇਸ਼, ਪਰਿਵਾਰ ਤੇ ਕੌਮ ਦਾ ਸਿਰ ਫਖ਼ਰ ਨਾਲ ਉੱਚਾ ਕਰਨ ਤੇ ਹੋਰਨਾਂ ਲਈ ਪ੍ਰੇਰਨਾ ਸਰੋਤ ਬਣਨ।ਉਨ੍ਹਾਂ ਪਾਕਿਸਤਾਨ ਕ੍ਰਿਕਟ ਟੀਮ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਸਿੱਖ ਖਿਡਾਰੀ ‘ਤੇ ਭਰੋਸਾ ਜਿਤਾਉਂਦਿਆਂ ਹੋਇਆ ਇਨ੍ਹਾਂ ਵੱਡਾ ਮੌਕਾ ਦਿੱਤਾ ਗਿਆ ਹੈ।