photo- 640ਅੰਮ੍ਰਿਤਸਰ-19 ਫਰਵਰੀ: ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ.ਪ੍ਰਵਿੰਦਰ ਸਿੰਘ ਡੰਡੀ ਦੀ ਪਲੇਠੀ ਪੁਸਤਕ ‘ਸਫ਼ਰਾਂ ਦੀ ਦਾਸਤਾਨ’ ਲੋਕ ਅਰਪਣ ਕਰਦਿਆਂ ਸ.ਪ੍ਰਵਿੰਦਰ ਸਿੰਘ ਡੰਡੀ ਨੂੰ ਵਧਾਈ ਦਿੱਤੀ ਤੇ ਕਾਮਯਾਬੀ ਦੀ ਕਾਮਨਾ ਕੀਤੀ।
ਸਫ਼ਰਾਂ ਦੀ ਦਾਸਤਾਨ ਪੁਸਤਕ ਵਿੱਚ ਲੇਖਕ ਪ੍ਰਵਿੰਦਰ ਸਿੰਘ ਡੰਡੀ ਵੱਲੋਂ ਜਿਥੇ ਲੇਹ-ਲਦਾਖ, ਮਲੇਸ਼ੀਆ ਅਤੇ ਵਲਾਇਤ ਦੇ ਕੁਦਰਤੀ ਨਜ਼ਾਰਿਆਂ, ਉਥੋਂ ਦੇ ਰਹਿਣ-ਸਹਿਣ, ਸਮਾਜਿਕ ਅਤੇ ਸੱਭਿਆਚਾਰ ਕਲਚਰ ਬਾਰੇ ਜਾਣਕਾਰੀ ਦਿੱਤੀ ਹੈ, ਉਥੇ ਲੇਖਕ ਨੇ ਇਨ੍ਹਾਂ ਸਥਾਨਾਂ ‘ਤੇ ਸਥਿਤ ਗੁਰੂ-ਘਰਾਂ ਅਤੇ ਉਥੋਂ ਦੇ ਲੋਕਾਂ ਦੀ ਧਾਰਮਿਕ ਪ੍ਰਵਿਰਤੀ ਬਾਰੇ ਵੀ ਭਰਪੂਰ ਗਿਆਨ ਦਿੱਤਾ ਹੈ। ‘ਸਫ਼ਰਾਂ ਦੀ ਦਾਸਤਾਨ’ ਵਿੱਚ ਲੇਖਕ ਕੇਵਲ ਆਪਣੀ ਕਹਾਣੀ ਹੀ ਬਿਆਨ ਨਹੀਂ ਕਰਦਾ, ਸਗੋਂ ਸਾਡੇ ਲਈ ਬਹੁ-ਪੱਖੀ ਗਿਆਨ ਵੀ ਭਰਿਆ ਹੈ। ਲੇਖਕ ਨੇ ਆਪਣੀ ਪੁਸਤਕ ਵਿੱਚ ਜਿਥੇ ਸਮਾਜ ਵਿੱਚ ਫੈਲੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਵਿਅੰਗ ਦਾ ਸਹਾਰਾ ਲਿਆ ਹੈ, ਉਥੇ ਕਿਤੇ ਮਨੁੱਖੀ ਜੀਵਨ ਦੀ ਉਥਲ-ਪੁਥਲ ਵਿੱਚ ਉਦਾਸੀ ਦੀ ਦਾਸਤਾਨ ਦਾ ਵਾਤਾਵਰਨ ਵੀ ਦਰਸਾਇਆ ਹੈ। ਸ.ਪ੍ਰਵਿੰਦਰ ਸਿੰਘ ਡੰਡੀ ਦੀ ਹਥਲੀ ਪਲੇਠੀ ਪੁਸਤਕ ‘ਸਫ਼ਰਾਂ ਦੀ ਦਾਸਤਾਨ’ ਬਹੁਤ ਅਣਮੁੱਲੀ ਅਤੇ ਗਿਆਨ ਭਰਪੂਰ ਪੁਸਤਕ ਹੈ, ਜੋ ਉਸਨੇ ਸੂਝਵਾਨ ਪਾਠਕਾਂ ਦੀ ਝੋਲੀ ਪਾ ਕੇ ਉਨ੍ਹਾਂ ਦੇ ਗਿਆਨ ਵਿੱਚ ਹੋਰ ਵੀ ਵਾਧਾ ਕੀਤਾ ਹੈ।
ਇਸ ਮੌਕੇ ਦਲਮੇਘ ਸਿੰਘ, ਸ.ਰੂਪ ਸਿੰਘ ਤੇ ਸ.ਮਨਜੀਤ ਸਿੰਘ ਸਕੱਤਰ, ਸ.ਮਹਿੰਦਰ ਸਿੰਘ ਆਹਲੀ, ਸ.ਹਰਭਜਨ ਸਿੰਘ ਮਨਾਵਾਂ ਤੇ ਸ.ਪਰਮਜੀਤ ਸਿੰਘ ਸਰੋਆ ਐਡੀ:ਸਕੱਤਰ, ਸ.ਕੁਲਵਿੰਦਰ ਸਿੰਘ ਰਾਮਦਾਸ ਇੰਚਾਰਜ ਪਬਲੀਸਿਟੀ, ਸ.ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ ਆਦਿ ਮੌਜੂਦ ਸਨ।