ਅੰਮ੍ਰਿਤਸਰ-19 ਫਰਵਰੀ: ਮੁਹਾਲੀ ਨੇੜੇ ਪਿੰਡ ਭੂਆਖੇੜੀ ਦੇ ਰਹਿਣ ਵਾਲੇ ਸ.ਬਲਵਿੰਦਰ ਸਿੰਘ ਨਾਮੀ ਸਿੱਖ ਨੌਜਵਾਨ ਜੋ ਆਪਣੀ ਰਿਸ਼ਤੇਦਾਰੀ ‘ਚ ਜਾ ਰਿਹਾ ਸੀ। ਉਸ ਦੀ ਪਿੰਡ ਸਨੇਟਾ ਨੇੜੇ ਤਿੰਨ ਮੁਸਲਮਾਨ ਨੌਜਵਾਨਾਂ ਵੱਲੋਂ ਜਬਰੀ ਦਾੜ੍ਹੀ ਤੇ ਮੁੱਛ ਕੱਟਣ ‘ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨਿੰਦਾ ਕੀਤੀ ਹੈ।

ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਬੇਸ਼ੱਕ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀਆਂ ਧਾਰਾਵਾਂ ਹੇਠ ਸਬੰਧਤਾਂ ਖਿਲਾਫ ਕੇਸ ਦਰਜ ਕਰਕੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਫਿਰ ਵੀ ਪੁਲਿਸ ਨੂੰ ਇਸ ਘਟਨਾ ਦੀ ਤਹਿ ਤੀਕ ਜਾਣਾ ਚਾਹੀਦਾ ਹੈ ਕਿ ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦਾ ਅਸਲ ਮਕਸਦ ਕੀ ਸੀ ਤੇ ਇਸ ਪਿੱਛੇ ਕੋਈ ਸਾਜਿਸ਼ ਤਾਂ ਨਹੀਂ?

ਉਨ੍ਹਾਂ ਕਿਹਾ ਕਿ ਹਰੇਕ ਧਰਮ ਆਪਣੀ-ਆਪਣੀ ਜਗ੍ਹਾ ਸਤਿਕਾਰਯੋਗ ਹੈ, ਪਰ ਕਿਸੇ ਵਿਅਕਤੀ ਵੱਲੋਂ ਦੂਜੇ ਧਰਮ ਦੇ ਵਿਅਕਤੀ ਦੀ ਦਾੜ੍ਹੀ ਤੇ ਮੁੱਛ ਕੱਟਣੀ ਜ਼ਰੂਰ ਕੋਈ ਸਾਜਿਸ਼ ਹੋ ਸਕਦੀ ਹੈ ਤੇ ਇਸ ਤਰ੍ਹਾਂ ਦੀ ਘਟਨਾ ਨਾਲ ਫਿਰਕਿਆਂ ਵਿੱਚ ਕੁੜੱਤਣ ਪੈਦਾ ਹੋ ਸਕਦੀ ਹੈ। ਇਸ ਲਈ ਅਜਿਹੀ ਘਟਨਾ ਦੀ ਤਹਿ ਤੱਕ ਜਾਣਾ ਚਾਹੀਦਾ ਹੈ।