ਅੰਮ੍ਰਿਤਸਰ, ੧੯ ਜੂਨ- ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਸ਼ਹਿਰੀ ਜਥੇ ਵੱਲੋਂ ੧੫੦ ਕੁਇੰਟਲ ਦਾਲ ਅਤੇ ਹੋਰ ਰਸਦਾਂ ਭੇਟ ਕੀਤੀਆਂ ਗਈਆਂ। ਸੰਗਤਾਂ ਨਾਲ ਦਾਲ ਲੈ ਕੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਸੇਵਾ ਲੁਧਿਆਣਾ ਸ਼ਹਿਰੀ ਦੀ ਸਮੁੱਚੇ ਅਕਾਲੀ ਆਗੂਆਂ ਦੇ ਸਾਝੇ ਯਤਨਾਂ ਅਤੇ ਸੰਗਤ ਦੇ ਸਹਿਯੋਗ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਅੰਦਰ ਲੰਗਰ ਦੀ ਮਰਯਾਦਾ ਆਰੰਭੀ ਸੀ, ਜੋ ਅੱਜ ਪੂਰੇ ਵਿਸ਼ਵ ਵਿਚ ਸਿੱਖ ਕੌਮ ਨੂੰ ਉਭਾਰ ਰਹੀ ਹੈ ਕਿਉਂਕਿ ਦੇਸ਼ ਦੁਨੀਆ ਅੰਦਰ ਸਿੱਖਾਂ ਨੇ ਹਮੇਸ਼ਾ ਹੀ ਲੋੜਵੰਦਾਂ ਲਈ ਮਿਸਾਲੀ ਲੰਗਰ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏ ਸੇਵਾ ਦੇ ਸਿਧਾਂਤ ਨੂੰ ਸੰਗਤਾਂ ਤਨ, ਮਨ, ਧਨ ਨਾਲ ਅੱਗੇ ਵਧਾ ਰਹੀਆਂ ਹਨ ਅਤੇ ਇਸੇ ਤਹਿਤ ਹੀ ਗੁਰੂ ਘਰ ਦੇ ਸਭ ਤੋਂ ਵਿਸ਼ਾਲ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਰਸਦਾਂ ਭੇਜਣ ਵਿਚ ਸੰਗਤਾਂ ਅੰਦਰ ਭਾਰੀ ਉਤਸ਼ਾਹ ਹੈ। ਇਸ ਮੌਕੇ ਸ. ਰਣਜੀਤ ਸਿੰਘ ਢਿੱਲੋਂ ਪ੍ਰਧਾਨ ਅਕਾਲੀ ਜਥਾ ਲੁਧਿਆਣਾ ਸ਼ਹਿਰੀ ਨੇ ਲੰਗਰ ਸੇਵਾ ਲਈ ਸਹਿਯੋਗ ਕਰਨ ‘ਤੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਚੀਮਾ ਨੇ ਲੰਗਰ ਲਈ ਰਸਦ ਲੈ ਕੇ ਪੁੱਜੀਆਂ ਸੰਗਤਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸ. ਰਣਜੀਤ ਸਿੰਘ ਢਿੱਲੋਂ ਪ੍ਰਧਾਨ ਅਕਾਲੀ ਜਥਾ ਲੁਧਿਆਣਾ ਸ਼ਹਿਰੀ, ਸ. ਹਰਭਜਨ ਸਿੰਘ ਡੰਗ ਕੌਮੀ ਮੀਤ ਪ੍ਰਧਾਨ, ਸ. ਸੁਰਿੰਦਰ ਸਿੰਘ ਚੌਹਾਨ ਕੌਮੀ ਜਥੇਬੰਦਕ ਸਕੱਤਰ, ਸ. ਸੁਖਦੇਵ ਸਿੰਘ ਗਿੱਲ, ਸ. ਤਰਸੇਮ ਸਿੰਘ ਭਿੰਡਰ, ਡਾਕਟਰ ਅਸ਼ਵਨੀ ਪਾਸੀ, ਸ. ਰਛਪਾਲ ਸਿੰਘ ਫੌਜੀ, ਸ. ਮਨਦੀਪ ਸਿੰਘ ਸੈਣੀ, ਸ. ਦਵਿੰਦਰ ਸਿੰਘ ਚੌਹਾਨ, ਸ੍ਰੀ ਨਗੇਸ਼ ਵਰਮਾ, ਸ. ਸੁਖਵਿੰਦਰ ਸਿੰਘ ਢਿੱਲੋਂ, ਸਿਮਰਨ ਸਿੰਘ ਸਮਰਾ, ਸ. ਮਾਨ ਸਿੰਘ ਰਾਠੌਰ, ਸ. ਮਿਲਖਾ ਸਿੰਘ ਖਹਿਰਾ, ਸ. ਕਵਲਦੀਪ ਸਿੰਘ ਬਹਿਲ, ਸ. ਅਜੀਤ ਸਿੰਘ ਛਾਬੜਾ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਹਰਜਿੰਦਰ ਸਿੰਘ ਕੈਰੋਂਵਾਲ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸ. ਸੁਖਬੀਰ ਸਿੰਘ ਤੇ ਸ. ਇਕਬਾਲ ਸਿੰਘ ਮੁਖੀ ਮੌਜੂਦ ਸਨ।