ਸਮੂਹ ਸ਼ਹਿਰ ਨਿਵਾਸੀ ਪ੍ਰਕਾਸ਼ ਪੁਰਬ ਮੌਕੇ ਆਪਣੇ ਘਰਾਂ, ਦੁਕਾਨਾਂ, ਅਦਾਰਿਆਂ ਵਿਚ ਦੀਪਮਾਲਾ ਕਰਨ -ਡਾ. ਰੂਪ ਸਿੰਘ

ਅੰਮ੍ਰਿਤਸਰ 28 ਸਤੰਬਰ – ਅੰਮ੍ਰਿਤਸਰ ਸਾਹਿਬ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਵੱਡੇ ਪੱੱਧਰ ’ਤੇ ਮਨਾਉਣ ਲਈ ਭਾਈ ਰਾਮ ਸਿੰਘ ਅੰਤ੍ਰਿੰਗ ਮੈਂਬਰ, ਸ. ਹਰਜਾਪ ਸਿੰਘ ਤੇ ਸ. ਬਾਵਾ ਸਿੰਘ ਗੁਮਾਨਪੁਰਾ ਮੈਂਬਰ, ਡਾ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ ਵੱਲੋਂ ਅੰਮ੍ਰਿਤਸਰ ਦੀਆਂ ਸਭਾ-ਸੁਸਾਇਟੀਆਂ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਤੇ ਪ੍ਰਤੀਨਿਧ ਨਿਵਾਸੀਆਂ ਨਾਲ ਇਕੱਤਰਤਾ ਕੀਤੀ ਗਈ। ਇਕੱਤਰਤਾ ਉਪਰੰਤ ਸ਼੍ਰੋਮਣੀ ਕਮੇਟੀ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਅੱਜ ਦੀ ਇਕੱਤਰਤਾ ਦਾ ਮੁੱਖ ਉਦੇਸ਼ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਪੂਰੇ ਸ਼ਹਿਰ ਵਿਚ ਸਫਾਈ, ਸਜਾਵਟ, ਦੀਪਮਾਲਾ ਤੇ ਸਮੂਹ ਸੰਗਤਾਂ ਲਈ ਵਧਾਈ ਵਾਲੀਆਂ ਹੋਰਡਿੰਗਾਂ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ।
ਡਾ. ਰੂਪ ਸਿੰਘ ਨੇ ਇਸ ਦਿਹਾੜੇ ਦੀ ਵਿਸ਼ੇਸ਼ਤਾ ਬਾਰੇ ਦੱਸਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਰੋਸਾਈ ਇਸ ਪਾਵਨ ਧਰਤੀ ਉਪਰ ਸਾਨੂੰ ਵੱਸਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਅਸੀਂ ਬਹੁਤ ਕੁਝ ਪ੍ਰਾਪਤ ਕੀਤਾ ਹੈ। ਸਾਡੇ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ ਕਿ ਗੁਰੂ ਸਾਹਿਬ ਵੱਲੋਂ ਬਖਸ਼ੀਆਂ ਦਾਤਾਂ ਲਈ ਸ਼ੁਕਰਾਨੇ ਵਜੋਂ ਪੂਰੀ ਸਮਰਪਣ ਭਾਵਨਾ ਨਾਲ ਇਸ ਪ੍ਰਕਾਸ਼ ਪੁਰਬ ਨੂੰ ਵਿਸ਼ੇਸ਼ ਰੂਪ ਵਿਚ ਮਨਾਉਣ ਲਈ ਸੰਯੁਕਤ ਉਪਰਾਲੇ ਕਰੀਏ। ਉਨ੍ਹਾਂ ਕਿਹਾ ਕਿ ਇਹ ਪ੍ਰਕਾਸ਼ ਪੁਰਬ ਸਾਡੇ ਸਾਰਿਆਂ ਲਈ ਇਸ ਕਰਕੇ ਵੀ ਵਿਸ਼ੇਸ਼ ਮਹੱਤਤਾ ਰੱਖਦਾ ਹੈ ਕਿ ਸਾਡੇ ਸ਼ਹਿਰ ਵਿਚ ਸਿੱਖ ਕੌਮ ਦਾ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ ਦੇ ਦਰਸ਼ਨ ਕਰਨ ਲਈ ਪੂਰੇ ਵਿਸ਼ਵ ਵਿਚੋਂ ਹਰ ਧਰਮ, ਜਾਤ ਤੇ ਨਸਲ ਦੇ ਲੋਕ ਆਉਂਦੇ ਹਨ ਕਿਉਂਕਿ ਇਹ ਸਿੱਖਾਂ ਦੇ ਕੇਂਦਰੀ ਧੁਰੇ ਵਜੋਂ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਇੱਕ ਅਜਿਹੀ ਲਹਿਰ ਸਿਰਜੀ ਜਾਵੇਗੀ ਜਿਸ ਤਹਿਤ ਸਿੱਖਾਂ ਤੋਂ ਇਲਾਵਾ ਹੋਰਨਾਂ ਧਰਮਾਂ ਨੂੰ ਮੰਨਣ ਵਾਲਿਆਂ ਵਿਚ ਵੀ ਇਸ ਪਾਵਨ ਦਿਹਾੜੇ ਦੀ ਮਹਾਨ ਖੁਸ਼ਬੋਈ ਪਹੁੰਚ ਸਕੇ।
ਸਕੱਤਰ ਸ਼੍ਰੋਮਣੀ ਕਮੇਟੀ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਜਿਸ ਵੀ ਸੁਸਾਇਟੀ ਜਾਂ ਸਭਾ ਤੋਂ ਜੋ ਵੀ ਸਹਿਯੋਗ ਮੰਗਿਆਂ ਉਨ੍ਹਾਂ ਸਭ ਨੇ ਪੂਰਨ ਸਹਿਯੋਗ ਕੀਤਾ ਹੈ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਸਮੇਂ ਆਉਣ ਵਾਲੇ ਸ਼ਰਧਾਲੂਆਂ ਨੂੰ ਵਿਸ਼ੇਸ਼ ਤੌਰ ’ਤੇ ਛਪਵਾਏ ਅਰਦਾਸ ਤੇ ਵਧਾਈ ਕਾਰਡ ਅਤੇ ਲੱਡੂ ਪ੍ਰਸ਼ਾਦ ਰੂਪ ਵਿਚ ਵੰਡੇ ਜਾਣਗੇ ਤਾਂ ਜੋ ਇਸ ਪਾਵਨ ਦਿਹਾੜੇ ਦੀ ਮਹਾਨਤਾ ਨੂੰ ਵਿਸ਼ਵ ਪੱਧਰ ’ਤੇ ਉਭਾਰਿਆ ਜਾ ਸਕੇ। ਡਾ. ਰੂਪ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਰਸਤਿਆਂ ਦੀ ਸਜਾਵਟ, ਸਫਾਈ ਤੇ ਦੀਪਮਾਲਾ ਦੀ ਜ਼ਿੰਮੇਵਾਰੀ ਲੈਣ ਵਾਲੀਆਂ ਵੱਖ-ਵੱਖ ਸਭਾ-ਸੁਸਾਇਟੀਆਂ, ਕਾਰ ਸੇਵਾ ਵਾਲੇ ਮਹਾਂਪੁਰਖਾਂ ਤੇ ਪ੍ਰਤੀਨਿਧ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਥੇ ਪੁੱਜਣ ਵਾਲੀਆਂ ਸਾਰੀਆਂ ਸ਼ਖਸੀਅਤਾਂ ਸਾਡੇ ਲਈ ਸਤਿਕਾਰਯੋਗ ਹਨ ਅਤੇ ਇਨ੍ਹਾਂ ਦਾ ਪੂਰਨ ਸਹਿਯੋਗ ਲਈ ਧੰਨਵਾਦ ਵੀ ਕਰਦੇ ਹਾਂ।
ਡਾ. ਰੂਪ ਸਿੰਘ ਨੇ ਵਿਸ਼ੇਸ਼ ਤੌਰ ’ਤੇ ਕਿਹਾ ਕਿ ਅੰਮ੍ਰਿਤਸਰ ਦੇ ਨਿਵਾਸੀਆਂ ਦੀ ਇਸ ਪ੍ਰਕਾਸ਼ ਪੁਰਬ ਵਿਚ ਸ਼ਮੂਲੀਅਤ ਹੋਣੀ ਇਸ ਲਈ ਵੀ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਈ ਇਸ ਨਗਰੀ ਵਿਚ ਰਹਿਣ ਦਾ ਅਹਿਸਾਸ ਹੋਵੇ ਅਤੇ ਉਨ੍ਹਾਂ ਨੂੰ ਚੌਥੇ ਪਾਤਸ਼ਾਹ ਵੱਲੋਂ ਕੀਤੇ ਪਰਉਪਕਾਰਾਂ ਪ੍ਰਤੀ ਚਾਉ ਪੈਦਾ ਕੀਤਾ ਜਾ ਸਕੇ। ਇਕੱਤਰਤਾ ਦੌਰਾਨ ਡਾ. ਰੂਪ ਸਿੰਘ ਨੇ ਵੱਖ-ਵੱਖ ਨੁਮਾਇੰਦਿਆਂ ਵੱਲੋਂ ਮਿਲੇ ਸੁਝਾਵਾਂ ਉਪਰ ਕੀਤੇ ਅਮਲ ਬਾਰੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਛਪਵਾਏ ਜਾਣ ਵਾਲੇ ਟ੍ਰੈਕਟ ਨੂੰ ਇਸ ਵਾਰ ਮੰਗ ਅਨੁਸਾਰ ਪੰਜਾਬੀ ਤੋਂ ਇਲਾਵਾ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿਚ ਵੀ ਛਪਵਾਇਆ ਜਾਵੇਗਾ ਅਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਟਿੱਕਰ ਵੀ ਛਪਵਾ ਕੇ ਵੰਡੇ ਜਾਣਗੇ। ਅੰਮ੍ਰਿਤਸਰ ਦੇ ਸਕੂਲਾਂ/ਕਾਲਜਾਂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰਕ ਤੇ ਧਾਰਮਿਕ ਅਧਿਆਪਕ ਭੇਜੇ ਜਾਣਗੇ ਜੋ ਸਿਰਫ 15 ਮਿੰਟ ਦੇ ਸਮੇਂ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਮੁੱਢਲੀ ਜਾਣਕਾਰੀ ਦੇਣਗੇ ਤਾਂ ਜੋ ਅਜੋਕੀ ਨੌਜੁਆਨੀ ਨੂੰ ਅੰਮ੍ਰਿਤਸਰ ਦੇ ਬਾਨੀ ਦਾ ਇਤਿਹਾਸ ਪਤਾ ਲੱਗ ਸਕੇ।
ਉਨ੍ਹਾਂ ਅੱਗੇ ਦੱਸਿਆ ਕਿ ਅੰਮ੍ਰਿਤਸਰ ਦੇ ਬੱਸ ਸਟੈਂਡ, ਹਵਾਈ ਅੱਡੇ ਤੇ ਰੇਲਵੇ ਸਟੇਸ਼ਨ ਦੇ ਨਾਲ ਨਾਲ ਹੋਰ ਬਾਕੀ ਸਰਕਾਰੀ ਇਮਾਰਤਾਂ ਉਪਰ ਵੀ ਦੀਪਮਾਲਾ ਕਰਵਾਉਣ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਵੇਗੀ।
ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਸ ਦਿਨ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਛੁੱਟੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ 6 ਅਕਤੂਬਰ ਨੂੰ ਸ਼ਹਿਰ ਵਿਚ ਖਾਲਸਾਈ ਜਾਹੋ ਜਲਾਲ ਨਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਲਈ ਨਗਰ ਕੀਰਤਨ ਵਾਲੇ ਰੂਟ ਦੀਆਂ ਦੁਕਾਨਾਂ, ਅਦਾਰਿਆਂ ਤੇ ਘਰਾਂ ਵਾਲਿਆਂ ਨੂੰ ਸੱਦਾ ਪੱਤਰ ਦਿੱਤੇ ਜਾਣਗੇ ਅਤੇ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ। ਡਾ. ਰੂਪ ਸਿੰਘ ਨੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਇਸ ਪਾਵਨ ਦਿਹਾੜੇ ਮੌਕੇ ਆਪਣੇ ਘਰਾਂ, ਦੁਕਾਨਾਂ ਜਾਂ ਅਦਾਰਿਆਂ ਵਿਚ ਆਪਣੀ ਵਿੱਤ ਤੇ ਸਮਰੱਥਾ ਅਨੁਸਾਰ ਦੀਪਮਾਲਾ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਵਿਚ ਵੀ ਇਸ ਪਾਵਨ ਦਿਹਾੜੇ ਦੇ ਮਹੱਤਵ ਨੂੰ ਉਭਾਰਿਆ ਜਾ ਸਕੇ।
ਇਸ ਮੌਕੇ ਸ. ਸੁਲੱਖਣ ਸਿੰਘ ਭੰਗਾਲੀ ਮੈਨੇਜਰ, ਸ. ਸਕੱਤਰ ਸਿੰਘ ਮੀਤ ਸਕੱਤਰ, ਸ. ਸੁਖਬੀਰ ਸਿੰਘ ਐਡੀਸ਼ਨਲ ਮੈਨੇਜਰ, ਸ. ਗੁਰਪ੍ਰੀਤ ਸਿੰਘ ਮੀਤ ਮੈਨੇਜਰ, ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਭੂਰੀ ਵਾਲੇ, ਬਾਬਾ ਹਰਭਜਨ ਸਿੰਘ ਭਲਵਾਨ ਤੇ ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ, ਡਾ. ਧਰਮਜੀਤ ਸਿੰਘ ਕਾਰਸੇਵਾ ਵਾਲੇ, ਭਾਈ ਚਰਨਜੀਤ ਸਿੰਘ ਅਖੰਡ ਕੀਰਤਨੀ ਜੱਥਾ, ਸ. ਸੁਰਿੰਦਰ ਸਿੰਘ, ਸ. ਜਸਬੀਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਵਾਲੇ, ਸ. ਗੁਰਦੀਪ ਸਿੰਘ ਸਲੂਜਾ, ਭਾਈ ਗੁਰਇਕਬਾਲ ਸਿੰਘ ਗੋਲਡੀ, ਸ. ਸੰਤੋਖ ਸਿੰਘ ਸੇਠੀ, ਸ. ਅਮਰਜੀਤ ਸਿੰਘ ਸ਼ਬਦ ਚੌਂਕੀ ਜਥਾ, ਸ. ਤਰਲੋਚਨ ਸਿੰਘ, ਸ. ਸੁਖਵਿੰਦਰ ਸਿੰਘ, ਸ. ਜਗਜੀਤ ਸਿੰਘ ਖਾਲਸਾ, ਸ. ਕਾਬਲ ਸਿੰਘ ਲੁਹਾਰਕਾ, ਸ. ਬਲਵਿੰਦਰ ਸਿੰਘ ਲੋਹਾਰਕਾ, ਸ. ਸ਼ਰਨਜੀਤ ਸਿੰਘ ਪੱਖਿਆਂ ਵਾਲੇ, ਪ੍ਰਿੰਸੀਪਲ ਬਲਜਿੰਦਰ ਸਿੰਘ, ਸ. ਵਾਹਿਗੁਰੂ ਸਿੰਘ, ਸ. ਸੁਰਜੀਤ ਸਿੰਘ, ਸ. ਬਲਵਿੰਦਰ ਸਿੰਘ, ਆਦਿ ਪ੍ਰਮੁੱਖ ਸ਼ਖਸੀਅਤਾਂ ਤੇ ਵੱਖ-ਵੱਖ ਸਭਾ ਸੁਸਾਇਟੀਆਂ ਦੇ ਨੁਮਾਇੰਦੇ ਹਾਜ਼ਰ ਸਨ।